ਐੱਸ. ਏ. ਐੱਸ. ਨਗਰ, 4 ਮਈ (ਕਪਿਲ ਵਧਵਾ)- ਮੁਹਾਲੀ ਪੁਲਿਸ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਦੋ ਮੁਲਜ਼ਮਾਂ ਨੂੰ 11 ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਗਈ | ਡੀ. ਐਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਸਤਨਾਮ ਸਿੰਘ ਮੁੱਖ ਅਫ਼ਸਰ ਥਾਣਾ ਫੇਜ਼-8 ਦੀ ਨਿਗਰਾਨੀ ਹੇਠ ਹੌਲਦਾਰ ਸੁਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਕੁੰਭੜਾ ਚੌਕ ਵਿਖੇ ਮੌਜੂਦ ਸੀ ਜਿਥੇ ਕਿ ਖੁਸ਼ਪ੍ਰੀਤ ਸਿੰਘ ਵਾਸੀ ਫੇਜ਼-9 ਵਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਸ ਦਾ ਬੁਲਟ ਮੋਟਰਸਾਈਕਲ ਰਾਤ ਸਮੇਂ ਚੋਰੀ ਹੋ ਗਿਆ ਹੈ | ਸ਼ਿਕਾਇਤ ਦੇ ਆਧਾਰ 'ਤੇ ਤੁਰੰਤ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ | ਤਫ਼ਤੀਸ਼ ਦੌਰਾਨ ਪੁਲਿਸ ਵਲੋਂ ਅਮਰਿੰਦਰ ਸਿੰਘ ਉਰਫ਼ ਬਿੱਟੂ ਵਾਸੀ ਸੈਕਟਰ-50 ਚੰਡੀਗੜ੍ਹ ਤੇ ਅਰਜਨ ਵਾਸੀ ਨੂਜਾ ਕਾਲੋਨੀ ਪਟਿਆਲਾ ਨੂੰ ਗਿ੍ਫ਼ਤਾਰ ਕੀਤਾ ਗਿਆ | ਮੁਲਜ਼ਮਾਂ ਦੀ ਪੁੱਛਗਿੱਛ ਦੇ ਆਧਾਰ 'ਤੇ ਚੋਰੀ ਹੋਇਆ ਬੁਲਟ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ | ਡੀ. ਐਸ. ਪੀ. ਬੱਲ ਨੇ ਦੱਸਿਆ ਕਿ ਮਾਮਲੇ ਦੀ ਹੋਰ ਤਫਤੀਸ਼ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਮੁਹਾਲੀ ਤੇ ਚੰਡੀਗੜ੍ਹ ਦੇ ਵੱਖ-ਵੱਖ ਇਲਾਕਿਆਂ ਤੋਂ ਚੋਰੀ ਕੀਤੇ 8 ਬੁਲਟ ਮੋਟਰਸਾਈਕਲਾਂ ਤੇ 2 ਸਪਲੈਂਡਰ ਮੋਟਰਸਾਈਕਲਾਂ ਸਮੇਤ ਕੁੱਲ 11 ਵਾਹਨ ਬਰਾਮਦ ਕੀਤੇ ਗਏ | ਇਨ੍ਹਾਂ ਵਿਚੋਂ 6 ਬੁਲਟ ਮੋਟਰਸਾਈਕਲ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਵੀ ਬਰਾਮਦ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਤਫ਼ਤੀਸ਼ ਦੌਰਾਨ ਜੇਕਰ ਹੋਰ ਕਿਸੇ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਵੀ ਮੁਕੱਦਮੇ 'ਚ ਨਾਮਜ਼ਦ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |