ਡੇਰਾਬੱਸੀ, 4 ਮਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਨੇੜਲੇ ਪਿੰਡ ਸੁੰਡਰਾਂ 'ਚ ਇਕ ਫੈਕਟਰੀ ਵਲੋਂ ਜ਼ਮੀਨ ਹੇਠ ਦੱਬੀ ਗਈ ਪਲਾਸਟਿਕ ਦੀ ਰਹਿੰਦ-ਖੂੰਹਦ ਕਾਰਨ ਵਾਪਰੇ ਭਿਆਨਕ ਹਾਦਸੇ ਨੇ ਪੂਰੇ ਇਲਾਕੇ 'ਚ ਸਨਸਨੀ ਫੈਲਾ ਦਿੱਤੀ ਹੈ | ਇਸ ਦਿਲ ਕੰਬਾਊ ਘਟਨਾ 'ਚ ਇਕ ਅੱਠ ਮਹੀਨੇ ਦੀ ਗਰਭਵਤੀ ਮੱਝ ਦੀ ਧਰਤੀ 'ਚੋਂ ਨਿਕਲੀਆਂ ਅੱਗ ਦੀਆਂ ਲਪਟਾਂ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬਚਾਅ ਕਾਰਜਾਂ ਦੌਰਾਨ ਪਰਿਵਾਰ ਦੇ ਦੋ ਮੈਂਬਰ ਹਰਸੇਵਕ ਤੇ ਹਰਮੀਤ ਦੇ ਪੈਰ ਬੁਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਉਣਾ ਪਿਆ | ਜਾਣਕਾਰੀ ਅਨੁਸਾਰ ਪਿੰਡ ਦਾ ਵਸਨੀਕ ਜੀਵਾ ਰਾਮ ਜਦੋਂ ਆਪਣੀਆਂ ਮੱਝਾਂ ਚਰਾਉਣ ਲਈ ਪਿੰਡ ਦੀ ਸ਼ਾਮਲਾਤ ਜ਼ਮੀਨ ਵੱਲ ਗਿਆ ਤਾਂ ਅਚਾਨਕ ਮੱਝਾਂ ਦੇ ਪੈਰ ਜ਼ਮੀਨ 'ਚ ਧਸ ਗਏ ਤੇ ਹੇਠਾਂ ਸੁਲਗ ਰਹੀ ਅੱਗ ਭੜਕ ਉੱਠੀ | ਪੀੜਤ ਪਰਿਵਾਰ ਦੇ ਮੈਂਬਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇਹ ਜ਼ਮੀਨ 'ਐਕੋ ਫਾਈਬਰ' ਨਾਮਕ ਫੈਕਟਰੀ ਵਲੋਂ ਲੀਜ਼ 'ਤੇ ਲਈ ਗਈ ਹੈ ਜਿਥੇ ਕਿ ਫੈਕਟਰੀ ਪ੍ਰਬੰਧਕਾਂ ਨੇ ਨਿਯਮਾਂ ਦੀ ਉਲੰਘਣਾ ਕਰਦਿਆਂ ਵੱਡੀ ਮਾਤਰਾ 'ਚ ਪਲਾਸਟਿਕ ਤੇ ਹੋਰ ਜਲਣਸ਼ੀਲ ਕੂੜਾ ਜ਼ਮੀਨ 'ਚ ਟੋਏ ਪੁੱਟ ਕੇ ਦੱਬਿਆ ਹੋਇਆ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੂੜਾ ਪਿਛਲੇ ਕਰੀਬ 20-25 ਦਿਨਾਂ ਤੋਂ ਜ਼ਮੀਨ ਹੇਠ ਹੀ ਸੁਲਗ ਰਿਹਾ ਸੀ ਜਿਸ ਨੇ ਅੱਜ ਖ਼ੌਫ਼ਨਾਕ ਰੂਪ ਧਾਰ ਲਿਆ | ਜੀਵਾ ਰਾਮ ਨੇ ਦੱਸਿਆ ਕਿ ਜਿਉਂ ਹੀ ਉਸ ਦੀਆਂ ਮੱਝਾਂ ਅੱਗ ਦੀ ਲਪੇਟ 'ਚ ਆਈਆਂ ਤਾਂ ਉਸ ਨੇ ਤੁਰੰਤ ਰੌਲਾ ਪਾਇਆ | ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਮੁਸ਼ਤੈਦੀ ਵਰਤਦਿਆਂ ਇਕ ਮੱਝ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਪਰ ਦੂਜੀ ਗਰਭਵਤੀ ਮੱਝ ਅੱਗ ਦੀਆਂ ਲਪਟਾਂ 'ਚ ਬੁਰੀ ਤਰ੍ਹਾਂ ਘਿਰ ਗਈ ਤੇ ਉਸ ਦੀਆਂ ਲੱਤਾਂ ਸੜਨ ਕਾਰਨ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ | ਇਸ ਦੌਰਾਨ ਮੱਝ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਪਰਿਵਾਰਕ ਮੈਂਬਰਾਂ ਦੇ ਪੈਰ ਵੀ ਅੱਗ ਦੀ ਤਪਸ਼ ਤੇ ਜ਼ਹਿਰੀਲੇ ਕੂੜੇ ਕਾਰਨ ਬੁਰੀ ਤਰ੍ਹਾਂ ਝੁਲਸ ਗਏ | ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ 'ਚ ਫੈਕਟਰੀ ਪ੍ਰਬੰਧਕਾਂ ਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਦਾ ਦੋਸ਼ ਹੈ ਕਿ ਫੈਕਟਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਤੇ ਲਾਪ੍ਰਵਾਹੀ ਕਾਰਨ ਨਾ ਸਿਰਫ਼ ਜਾਨਵਰਾਂ ਦੀ ਜਾਨ ਲਈ ਖ਼ਤਰਾ ਪੈਦਾ ਹੋ ਗਿਆ ਹੈ, ਸਗੋਂ ਮਨੁੱਖੀ ਜਾਨਾਂ ਵੀ ਦਾਅ 'ਤੇ ਲੱਗੀਆਂ ਹੋਈਆਂ ਹਨ | ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ. ਡੀ. ਐਮ. ਡੇਰਾਬੱਸੀ ਨੇ ਇਸ ਨੂੰ ਮੰਦਭਾਗੀ ਘਟਨਾ ਕਰਾਰ ਦਿੱਤਾ ਹੈ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ ਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |