ਜ਼ੀਰਕਪੁਰ, 11 ਮਈ (ਮਨਿੰਦਰ ਸਿੰਘ)- ਸ਼ਹਿਰ ਦੀ 200 ਫੁੱਟੀ ਰੋਡ 'ਤੇ ਇਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ | ਕਾਰ ਚਾਲਕ ਮੌਕੇ 'ਤੇ ਹੀ ਕਾਰ ਛੱਡ ਕੇ ਫ਼ਰਾਰ ਹੋ ਗਿਆ | ਜ਼ਖ਼ਮੀ ਨੌਜਵਾਨ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਜਿੱਥੇ ਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ | ਜ਼ੀਰਕਪੁਰ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਸੰਜੀਵ ਕੁਮਾਰ ਵਾਸੀ ਸਿੰਘਪੁਰਾ-ਬਿਸ਼ਨਪੁਰਾ ਬਾਜੀਗਰ ਬਸਤੀ ਨੇ ਕਿਹਾ ਕਿ ਉਸ ਦਾ ਛੋਟਾ ਭਰਾ ਅੰਕਿਤ (22) ਇਕ ਕਾਰ ਮਕੈਨਿਕ ਹੈ | 1 ਮਈ ਦੀ ਰਾਤ ਨੂੰ ਦੋਵੇਂ ਭਰਾ ਆਪਣੇ ਦੋ-ਪਹੀਆ ਵਾਹਨਾਂ 'ਤੇ ਸਵਾਰ ਹੋ ਕੇ ਘਰ ਪਰਤ ਰਹੇ ਸਨ | ਅੰਕਿਤ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਉਹ ਖ਼ੁਦ ਐਕਟਿਵਾ 'ਤੇ ਪਿੱਛੇ-ਪਿੱਛੇ ਜਾ ਰਿਹਾ ਸੀ | ਇਸੇ ਦੌਰਾਨ ਰਾਤ ਦੇ ਕਰੀਬ 9 ਵਜੇ ਜਦੋਂ ਉਹ 200 ਫੁੱਟੀ ਰੋਡ 'ਤੇ ਇਕ ਪੈਟਰੋਲ ਪੰਪ 'ਤੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਅਚਾਨਕ ਮੋੜ ਕੱਟਦੇ ਹੋਏ ਅੰਕਿਤ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਅੰਕਿਤ ਸੜਕ 'ਤੇ ਡਿੱਗ ਗਿਆ ਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ | ਮੌਕੇ 'ਤੇ ਲੋਕਾਂ ਦੀ ਭੀੜ ਇਕੱਤਰ ਹੋ ਗਈ ਤੇ ਇਸ ਦੌਰਾਨ ਕਾਰ ਚਾਲਕ ਮੌਕਾ ਪਾ ਕੇ ਗੱਡੀ ਨੂੰ ਉਥੇ ਹੀ ਛੱਡ ਕੇ ਫ਼ਰਾਰ ਹੋ ਗਿਆ | ਸ਼ਿਕਾਇਤਕਰਤਾ ਨੇ ਕਾਰ ਦਾ ਨੰਬਰ ਨੋਟ ਕਰ ਲਿਆ | ਸੂਚਨਾ ਮਿਲਣ 'ਤੇ ਐੱਸ.ਐੱਸ.ਐੱਫ. ਦੀ ਟੀਮ ਨੇ ਜ਼ਖ਼ਮੀ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਜਿਥੋਂ ਡਾਕਟਰਾਂ ਨੇ ਉਸ ਨੂੰ ਜੀ.ਐਮ.ਸੀ.ਐਚ. ਸੈਕਟਰ-32 ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ | ਬਾਅਦ 'ਚ ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ | ਪੁਲਿਸ ਅਨੁਸਾਰ ਜ਼ਖਮੀ ਨੌਜਵਾਨ ਬਿਆਨ ਦੇਣ ਦੀ ਹਾਲਤ 'ਚ ਨਹੀਂ ਹੈ | ਉਸ ਦੇ ਭਰਾ ਦੇ ਬਿਆਨ ਦੇ ਆਧਾਰ 'ਤੇ ਅਣਪਛਾਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ |