ਖਰੜ, 11 ਮਈ (ਜੰਡਪੁਰੀ)- ਜਨ ਹਿੱਤ ਵਿਕਾਸ ਮੰਚ ਖਰੜ ਦੇ ਪੰਜ ਮੈਂਬਰੀ ਵਫ਼ਦ ਵਲੋਂ ਰਣਜੀਤ ਸਿੰਘ ਹੰਸ ਦੀ ਅਗਵਾਈ 'ਚ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨਾਲ ਮੁਲਾਕਾਤ ਕੀਤੀ ਗਈ | ਵਫ਼ਦ ਨੇ ਐਮ. ਪੀ. ਨੂੰ ਜਾਣੂ ਕਰਵਾਇਆ ਕਿ ਪਹਿਲਾਂ ਖਰੜ ਤੋਂ ਸੀ.ਟੀ.ਯੂ. ਦੀ ਸਿੱਧੀ ਬੱਸ ਸਰਵਿਸ ਪੀ.ਜੀ.ਆਈ. ਤੇ ਸੈਕਟਰ-16 ਹਸਪਤਾਲ ਲਈ ਚਲਦੀ ਸੀ, ਜੋ ਕਿ ਪਿਛਲੇ ਕੁਝ ਸਮੇਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਇਸੇ ਤਰ੍ਹਾਂ ਰੂਟ ਨੰਬਰ 35 'ਤੇ ਵੀ ਬੱਸ ਸਰਵਿਸ ਬਹੁਤ ਘੱਟ ਹੈ | ਵਫ਼ਦ ਨੇ ਮੰਗ ਕੀਤੀ ਕਿ ਇਨ੍ਹਾਂ ਦੋਵਾਂ ਰੂਟਾਂ 'ਤੇ ਬੱਸ ਸਰਵਿਸ ਵਧੀਆ ਤਰੀਕੇ ਨਾਲ ਚਲਾਏ ਜਾਣ ਸੰਬੰਧੀ ਟਰਾਂਸਪੋਰਟ ਵਿਭਾਗ ਨੂੰ ਸਿਫ਼ਾਰਸ਼ ਕੀਤੀ ਜਾਵੇ ਕਿਉਂਕਿ ਖਰੜ ਦੀ ਆਬਾਦੀ ਲਗਭਗ 5 ਲੱਖ ਹੋ ਗਈ ਹੈ ਤੇ ਲਕਾਂ ਨੂੰ ਸਹੀ ਬੱਸ ਸਰਵਿਸ ਨਾ ਮਿਲਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਐਮ.ਪੀ. ਤਿਵਾੜੀ ਨੇ ਡਾਇਰੈਕਟਰ ਟਰਾਂਸਪੋਰਟ ਅਵੀਕੇਸ਼ ਗੁਪਤਾ ਨੂੰ ਮੰਚ ਦੇ ਵਫ਼ਦ ਦੀ ਗੱਲ ਸੁਣ ਲਈ ਕਿਹਾ ਗਿਆ | ਇਸ ਤੋਂ ਬਾਅਦ ਵਫ਼ਦ ਨੇ ਡਾਇਰੈਕਟਰ ਨੂੰ ਅਪੀਲ ਕੀਤੀ ਕਿ ਖਰੜ ਤੋਂ ਪੀ. ਜੀ. ਆਈ. ਤੇ ਸੈਕਟਰ-16 ਹਸਪਤਾਲ ਲਈ ਸਿੱਧੀ ਬੱਸ ਸਰਵਿਸ ਵਧੀਆ ਤਰੀਕੇ ਨਾਲ ਚਲਾਈ ਜਾਵੇ ਤੇ ਨਾਲ ਹੀ 35 ਨੰਬਰ ਰੂਟ 'ਤੇ ਵੀ ਬੱਸ ਸਰਵਿਸ ਵਧਾਈ ਜਾਵੇ | ਮੰਚ ਦੇ ਵਫ਼ਦ 'ਚ ਮਾਸਟਰ ਅਜੈਬ ਸਿੰਘ, ਪਰਮਪ੍ਰੀਤ ਸਿੰਘ, ਬਲਵੀਰ ਸਿੰਘ ਤੇ ਜਸਵੀਰ ਸਿੰਘ ਆਦਿ ਸ਼ਾਮਿਲ ਸਨ |