ਚੰਡੀਗੜ੍ਹ, 15 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਯੂਨੀਵਰਸਿਟੀ ਵਿਚ ਲਾਈਆਂ ਨਵੀਆਂ ਨੇਮ ਪਲੇਟਾਂ ਵਿਚ ਪੰਜਾਬੀ ਭਾਸ਼ਾ ਨਾ ਹੋਣ ਕਾਰਨ ਵਿਦਿਆਰਥੀਆਂ ਤੇ ਵਿਦਿਆਰਥੀ ਜਥੇਬੰਦੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਵਿਦਿਆਰਥੀ ਜਥੇਬੰਦੀ 'ਸੱਥ' ਦੇ ਮੈਂਬਰਾਂ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸਾਸ਼ਨ ਨੇ ਯੂਨੀਵਰਸਿਟੀ ਦੇ ਨਵੇਂ ਬਲਾਕਾਂ ਵਿਚ ਨਵੀਆਂ 'ਨੇਮ ਪਲੇਟਾਂ' ਲਗਾਈਆਂ ਹਨ ਜਿਨ੍ਹਾਂ ਵਿਚ ਅੰਗਰੇਜੀ ਅਤੇ ਹਿੰਦੀ ਵਿਚ ਨਾਮ ਦਰਜ ਹਨ ਜਦਕਿ ਪੰਜਾਬੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਜਿਸ ਦੀ ਅਸੀਂ ਸਖ਼ਤ ਸ਼ਬਦਾਂ 'ਚ ਵਿਰੋਧਤਾ ਕੀਤੀ | 'ਸੱਥ' ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ 'ਤੇ ਲਿਖ ਦਿੱਤਾ ਜਾਵੇ ਤੇ ਬਾਕੀ ਭਾਸ਼ਾਵਾਂ ਨੂੰ ਬਾਅਦ ਵਿਚ ਦਰਜ ਕੀਤਾ ਜਾਵੇ ਪਰ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਦਿੱਤੇ ਸਮੇਂ ਦੇ ਅੰਦਰ ਇਸ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਵਿਦਿਆਰਥੀ ਜਥੇਬੰਦੀ 'ਸੱਥ' ਵਲੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ |