ਖਰੜ, 15 ਮਈ (ਤਰਸੇਮ ਸਿੰਘ ਜੰਡਪੁਰੀ)- ਆਗਾਮੀ 26 ਮਈ ਨੂੰ ਨਗਰ ਕੌਂਸਲ ਖਰੜ ਦੀਆਂ ਹੋਣ ਵਾਲੀਆਂ ਚੋਣਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਇਸ ਕਰ ਕੇ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਕਿ ਸਾਲ 2021 'ਚ ਕੌਂਸਲ ਦੀ ਹਦੂਦ 'ਚ ਸ਼ਾਮਿਲ ਕੀਤੇ ਗਏ 6 ਪਿੰਡਾਂ ਦੀ ਵਾਰਡਬੰਦੀ ਕੌਂਸਲ ਅਧਿਕਾਰੀਆਂ ਵਲੋਂ ਨਹੀਂ ਕੀਤੀ ਗਈ | ਦੂਜੇ ਪਾਸੇ ਜਿਥੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਤੀਸਰੇ ਦਿਨ ਤਕਰੀਬਨ 45 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਸਨ ਉੱਥੇ ਹੀ ਚੋਣਾਂ ਲੜਨ ਵਾਲੇ ਵਿਅਕਤੀਆਂ ਦੇ ਅਰਮਾਨ ਦਿਲ 'ਚ ਹੀ ਰਹਿ ਗਏ | ਜਾਣਕਾਰੀ ਅਨੁਸਾਰ ਪਿੰਡਾਂ ਦਾਊਾਮਾਜਰਾ, ਰਡਿਆਲਾ, ਭੁੱਖੜੀ, ਪੀਰ ਸੁਹਾਣਾ, ਤੋਲੇਮਾਜਰਾ ਤੇ ਤਿ੍ਪੜੀ ਆਦਿ ਪਿੰਡਾਂ ਨੂੰ ਤਕਰੀਬਨ 5 ਸਾਲ ਪਹਿਲਾਂ ਨਗਰ ਕੌਂਸਲ ਦੀ ਹਦੂਦ ਵਿਚ ਸ਼ਾਮਿਲ ਕੀਤਾ ਗਿਆ ਸੀ ਪਰ ਨਗਰ ਕੌਂਸਲ ਦੇ ਅਧਿਕਾਰੀਆਂ ਨੇ 31 ਦਸੰਬਰ 2025 ਤੱਕ ਇਨ੍ਹਾਂ ਪਿੰਡਾਂ ਦੀ ਕੋਈ ਵਾਰਡਬੰਦੀ ਨਹੀਂ ਬਣਾਈ ਜਦਕਿ ਨਗਰ ਕੌਂਸਲ ਦੇ ਪਹਿਲਾਂ 27 ਵਾਰਡ ਸਨ ਤੇ ਇਨ੍ਹਾਂ ਵਿਚ ਵਾਧਾ ਹੋ ਕੇ 7-8 ਵਾਰਡ ਹੋਰ ਬਣ ਸਕਦੇ ਸਨ | ਉਕਤ ਪਿੰਡਾਂ ਦੇ ਲੋਕਾਂ ਨੇ ਨਗਰ ਕੌਂਸਲ ਚੋਣਾਂ ਦੌਰਾਨ ਉਨ੍ਹਾਂ ਨੂੰ ਵੋਟ ਪਾਉਣ ਦੇ ਹੱਕ ਤੋਂ ਵਾਂਝੇ ਰੱਖੇ ਜਾਣ ਕਾਰਨ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤਾ ਸੀ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਐਡਵੋਕੇਟ ਕਾਰਤਿਕ ਵੈਕਟਰ ਨੇ ਦੱਸਿਆ ਕਿ ਅਦਾਲਤ ਨੇ ਉਕਤ ਫ਼ੈਸਲੇ ਸੰਬੰਧੀ ਦਲੀਲਾਂ ਸੁਣਦਿਆਂ ਤੇ ਸਰਕਾਰ ਦੇ ਨੁਮਾਇੰਦਿਆਂ ਵਲੋਂ ਵੋਟਾਂ ਨਾ ਕਰਵਾਏ ਜਾਣ ਸੰਬੰਧੀ ਗੱਲ ਆਖੀ ਗਈ ਜਿਸ ਕਰਕੇ ਅਦਾਲਤ ਨੇ ਕੌਂਸਲ ਚੋਣਾਂ ਮੁਲਤਵੀ ਕਰਨ ਦਾ ਫ਼ੈਸਲਾ ਸੁਣਾਇਆ | ਉਧਰ ਪ੍ਰਭਾਵਿਤ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਗਰ ਕੌਂਸਲ ਸਹੀ ਤਰੀਕੇ ਨਾਲ ਪਹਿਲਾਂ ਹੀ ਵਾਰਡਬੰਦੀ ਕਰ ਦਿੰਦੀ ਤਾਂ ਸਰਕਾਰ ਦਾ ਮਾਲੀ ਨੁਕਸਾਨ ਨਹੀਂ ਹੋਣਾ ਸੀ ਕਿਉਂਕਿ ਇਨ੍ਹਾਂ ਵੋਟਾਂ ਸੰਬੰਧੀ ਵੋਟਰ ਲਿਸਟਾਂ ਤਿਆਰ ਕਰਨ ਲਈ ਵਰਤੀ ਜਾਣ ਵਾਲੀ ਕਾਗਜ਼ੀ ਸਮੱਗਰੀ ਆਦਿ 'ਤੇ ਵੱਡਾ ਖ਼ਰਚਾ ਹੋਇਆ ਹੈ ਤੇ ਜੇਕਰ ਹੁਣ ਨਵੀਂ ਵਾਰਡਬੰਦੀ ਹੁੰਦੀ ਹੈ ਤਾਂ ਉਸ ਦੀਆਂ ਵੋਟਰ ਲਿਸਟਾਂ ਤਿਆਰ ਕਰਨ ਲਈ ਸਰਕਾਰ ਨੂੰ ਦੁਬਾਰਾ ਵੱਡਾ ਖ਼ਰਚਾ ਕਰਨਾ ਪਵੇਗਾ | ਸਰਕਾਰ ਅਜਿਹੀ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਕਰੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |