ਚੰਡੀਗੜ੍ਹ, 15 ਮਈ (ਸੰਦੀਪ ਕੁਮਾਰ ਮਾਹਨਾ) -ਚੰਡੀਗੜ੍ਹ ਨਗਰ ਨਿਗਮ ਵਲੋਂ ਚੱਲ ਰਹੀ ਜਨਗਣਨਾ 2027 ਦੀ ਫ਼ੀਲਡ ਕਾਰਵਾਈ ਦੀ ਸਮੀਖਿਆ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਦਾ ਸਨਮਾਨ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ | ਮੀਟਿੰਗ 'ਚ ਕੰਮ ਦੀ ਗਤੀ ਅਤੇ ਸ਼ੁੱਧਤਾ ਨੂੰ ਵਿਸ਼ੇਸ਼ ਤੌਰ 'ਤੇ ਸਰਾਹਿਆ ਗਿਆ | ਇਹ ਸਮੀਖਿਆ ਮੀਟਿੰਗ ਨਿਗਮ ਦੇ ਸੰਯੁਕਤ ਸਕੱਤਰ-ਕਮ-ਜਨਗਣਨਾ ਚਾਰਜ਼ ਅਧਿਕਾਰੀ ਡਾ. ਹਿਮਾਂਸ਼ੂ ਗੁਪਤਾ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ ਵਿਚ ਜਨਗਣਨਾ ਸੁਪਰਵਾਈਜ਼ਰ, ਐਨਯੂਮੇਰੇਟਰ ਤੇ ਨਗਰ ਨਿਗਮ ਦੇ ਜਨਗਣਨਾ ਸੈੱਲ-03 ਦੇ ਅਧਿਕਾਰੀ ਹਾਜ਼ਰ ਸਨ | ਮੀਟਿੰਗ ਦੌਰਾਨ ਹਾਊਸ ਲਿਸਟਿੰਗ ਕਾਰਵਾਈ ਦੀ ਪ੍ਰਗਤੀ, ਫੀਲਡ ਦੌਰਾਨ ਰਹਾਇਸ਼ੀਆਂ ਨਾਲ ਤਾਲਮੇਲ ਤੇ ਸਰਵੇ ਦੌਰਾਨ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਅਧਿਕਾਰੀਆਂ ਨੇ ਜ਼ੋਰ ਦਿੱਤਾ ਕਿ ਜਨਗਣਨਾ 2027 ਲਈ ਸਹੀ, ਪਾਰਦਰਸ਼ੀ ਤੇ ਸਮੇਂ ਸਿਰ ਡਾਟਾ ਇਕੱਠਾ ਕਰਨਾ ਸਭ ਤੋਂ ਮਹੱਤਵਪੂਰਨ ਹੈ | ਡਾ. ਹਿਮਾਂਸ਼ੂ ਗੁਪਤਾ ਨੇ ਜਨਗਣਨਾ ਟੀਮਾਂ ਵਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫ਼ੀਲਡ ਸਟਾਫ਼ ਦੀ ਮਿਹਨਤ ਤੇ ਸਮਰਪਣ ਦੇ ਨਾਲ ਇਹ ਕਾਰਵਾਈ ਤੇਜ਼ੀ ਨਾਲ ਅੱਗੇ ਵਧ ਰਹੀ ਹੈ | ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਫ਼ੀਲਡ ਦੌਰਾਨ ਰਿਹਾਇਸ਼ੀਆਂ ਨਾਲ ਵਧੀਆ ਸਹਿਯੋਗ ਬਣਾਇਆ ਜਾਵੇ ਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ | ਇਸ ਮੌਕੇ ਸੰਯੁਕਤ ਕਮਿਸ਼ਨਰ ਨੇ ਆਪਣੇ-ਆਪਣੇ ਖੇਤਰਾਂ ਵਿਚ ਹਾਊਸ ਲਿਸਟਿੰਗ ਕਾਰਵਾਈ ਨੂੰ ਸੁਚਾਰੂ ਤੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਸੁਪਰਵਾਈਜ਼ਰਾਂ ਅਤੇ ਐਨਯੂਮੇਰੇਟਰਾਂ ਨੂੰ ਲੋੜੀਂਦੇ ਨਿਰਦੇਸ਼ ਵੀ ਜਾਰੀ ਕੀਤੇ | ਮੀਟਿੰਗ ਦੌਰਾਨ ਉਨ੍ਹਾਂ ਤਿੰਨ ਸੁਪਰਵਾਈਜ਼ਰਾਂ ਤੇ ਉਨ੍ਹਾਂ ਦੀਆਂ ਟੀਮਾਂ ਦੇ ਐਨਯੂਮੇਰੇਟਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਰਿਕਾਰਡ ਸਮੇਂ 'ਚ ਹਾਊਸ ਲਿਸਟਿੰਗ ਕਾਰਵਾਈ ਪੂਰੀ ਕੀਤੀ | ਕੁੱਲ 32 ਐਨਯੂਮੇਰੇਟਰਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ, ਸਮਰਪਣ ਤੇ ਸਮੇਂ ਸਿਰ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰਸ਼ੰਸਾ ਪੱਤਰ (ਐਪਰੀਸੀਏਸ਼ਨ ਲੈਟਰ) ਵੀ ਦਿੱਤੇ ਗਏ |