ਖਰੜ, 15 ਮਈ (ਜੰਡਪੁਰੀ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਖਰੜ ਨਗਰ ਕੌਂਸਲ ਚੋਣਾਂ 'ਤੇ ਰੋਕ ਲਗਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਖਰੜ ਦੇ ਲੋਕਾਂ ਨੂੰ ਹਾਈ ਕੋਰਟ ਵੱਲੋਂ ਇਨਸਾਫ਼ ਤੇ ਵੱਡੀ ਰਾਹਤ ਮਿਲੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਨਗਰ ਕੌਂਸਲ ਚੋਣਾਂ ਦੀ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਖਰੜ ਦੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਖਰੜ ਨਾਲ ਸੰਬੰਧਿਤ 6 ਪਿੰਡਾਂ ਦੇ ਲੋਕਾਂ ਨੂੰ ਵਾਰਡਬੰਦੀ 'ਚ ਸ਼ਾਮਿਲ ਨਾ ਕਰ ਕੇ ਉਨ੍ਹਾਂ ਨੰੂ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝਾ ਰੱਖਣ ਦੀ ਕੋਸ਼ਿਸ਼ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਇਕ ਸਾਲ ਤੋਂ ਲੋਕਾਂ ਨੂੰ ਵਾਰਡਬੰਦੀ ਦੇ ਮਾਮਲੇ 'ਚ ਗੁਮਰਾਹ ਕੀਤਾ ਜਾ ਰਿਹਾ ਸੀ, ਜਿਸ ਨਾਲ ਲੋਕਤੰਤਰਿਕ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ | ਉਨ੍ਹਾਂ ਦੱਸਿਆ ਕਿ ਖਰੜ ਦੇ 27 ਵਾਰਡਾਂ 'ਚੋਂ ਤਕਰੀਬਨ ਹਰ ਵਾਰਡ ਦੀਆਂ ਵੋਟਾਂ ਕੱਟ ਕੇ ਇੱਧਰ-ਉੱਧਰ ਤਬਦੀਲ ਕੀਤੀਆਂ ਗਈਆਂ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੇ ਇਸ਼ਾਰਿਆਂ 'ਤੇ ਕੰਮ ਕਰਦਿਆਂ ਕਾਂਗਰਸ ਦੇ ਉਮੀਦਵਾਰਾਂ ਨਾਲ ਧੱਕਾ ਕਰ ਰਿਹਾ ਸੀ ਅਤੇ ਉਨ੍ਹਾਂ ਦੀਆਂ ਐਨ. ਓ. ਸੀਜ਼ ਰੋਕੀਆਂ ਜਾ ਰਹੀਆਂ ਸਨ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੇਗੀ | ਇਸ ਮੌਕੇ ਉਨ੍ਹਾਂ ਦੇ ਨਾਲ ਐਡਵੋਕੇਟ ਅਟਵਾਲ ਦੀਪਕ ਸ਼ਰਮਾ, ਬਾਬੂ ਸਿੰਘ, ਮਨਜੀਤ ਕੌਰ, ਸੋਨੂੰ, ਸੋਨੰੂ ਪੋਲ, ਸਰਬਜੀਤ ਕੌਰ, ਚੰਨੀ ਖਾਨਪੁਰ, ਵਰਿੰਦਰ ਭਾਮਾ | ਵਿਸ਼ਾਲ ਬੱਟੂ ਬੀ ਸ਼ਾਮਿਲ ਸਨ |