ਖਰੜ, 23 ਮਈ (ਗੁਰਮੁੱਖ ਸਿੰਘ ਮਾਨ)- ਖਰੜ-ਕੁਰਾਲੀ ਰੋਡ 'ਤੇ ਪਿ੍ੰਸ ਮਾਰਕੀਟ ਦੇ ਪਿਛਲੇ ਪਾਸੇ ਸਥਿਤ ਗੁਰੂ ਤੇਗ਼ ਬਹਾਦਰ ਨਗਰ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕਾਲੋਨੀ ਵਿਚ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਸਮੇਂ ਸਿਰ ਨਾ ਆਉਣ ਕਾਰਨ ਕਾਲੋਨੀ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਚੜ੍ਹਦੀ ਕਲਾ ਸੁਸਾਇਟੀ ਦੇ ਪ੍ਰੈਸ ਸਕੱਤਰ ਗੁਰਨਾਮ ਸਿੰਘ ਸੋਹਲ, ਹਰਚਰਨ ਸਿੰਘ ਬਰਾੜ ਅਤੇ ਐਸ. ਐਸ. ਸੂਰੀ ਸਮੇਤ ਹੋਰਨਾਂ ਦੱਸਿਆ ਕਿ ਜਦੋਂ ਪਾਣੀ ਦੀ ਸਪਲਾਈ ਨਹੀਂ ਮਿਲਦੀ ਤਾਂ ਉਹ ਟਿਊਬਵੈੱਲ ਆਪ੍ਰੇਟਰ ਨੂੰ ਫ਼ੋਨ ਕਰਦੇ ਹਨ ਪਰ ਅੱਗਿਓਾ ਆਪ੍ਰੇਟਰ ਫ਼ੋਨ ਨਹੀਂ ਚੁੱਕਦਾ | ਇਸ ਤੋਂ ਬਾਅਦ ਜਦੋਂ ਉਹ ਸੰਬੰਧਿਤ ਜੇ. ਈ. ਨੂੰ ਫ਼ੋਨ ਕਰਦੇ ਹਨ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਉਹ ਪਤਾ ਕਰਦੇ ਹਨ ਕਿ ਸਪਲਾਈ ਕਿਉਂ ਨਹੀਂ ਆ ਰਹੀ | ਇਸ ਤੋਂ ਬਾਅਦ ਸੰਪਰਕ ਕਰਨ 'ਤੇ ਉਨ੍ਹਾਂ ਵਲੋਂ ਬਹਾਨਾ ਬਣਾਉਂਦੇ ਹੋਏ ਕਦੇ ਕਿਹਾ ਜਾਂਦਾ ਹੈ ਕਿ ਕੇਬਲ ਖ਼ਰਾਬ ਹੋ ਗਈ ਹੈ ਤੇ ਕਦੇ ਕਿਹਾ ਜਾਂਦਾ ਹੈ ਕਿ ਮੋਟਰ 'ਚ ਖ਼ਰਾਬੀ ਹੈ | ਉਨ੍ਹਾਂ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੋ ਬੱਸ ਅੱਡਾ ਖਰੜ ਨੇੜੇ ਨਗਰ ਕੌਂਸਲ ਖਰੜ ਦੇ ਪੁਰਾਣੇ ਦਫ਼ਤਰ ਵਾਲੀ ਜਗ੍ਹਾ 'ਚ ਨਵਾਂ ਟਿਊਬਵੈੱਲ ਲਗਾਇਆ ਗਿਆ ਹੈ, ਉਸ ਨੂੰ ਜਲਦ ਚਾਲੂ ਕਰਕੇ ਇਸ ਏਰੀਆ ਨੂੰ ਪਾਣੀ ਦੀ ਸਪਲਾਈ ਦਿੱਤੀ ਜਾਵੇ |