ਐੱਸ. ਏ. ਐੱਸ. ਨਗਰ, 25 ਮਈ (ਪ੍ਰੋ. ਅਵਤਾਰ ਸਿੰਘ)- ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਜ਼ਿਲਾ ਮੈਜਿਸਟ੍ਰੇਟ ਮੁਹਾਲੀ ਵਲੋਂ 26 ਮਈ 2026 ਨੂੰ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਸ਼ਾਂਤੀਪੂਰਨ, ਨਿਰਪੱਖ ਤੇ ਸੁਚੱਜੇ ਢੰਗ ਨਾਲ ਕਰਵਾਉਣ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ | ਇਨਾਂ ਹੁਕਮਾਂ ਅਨੁਸਾਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਜ਼ਿਲਾ ਮੁਹਾਲੀ ਦੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਚੋਣ ਪ੍ਰਕਿਰਿਆ ਅਧੀਨ ਆਉਂਦੀਆਂ ਹੱਦਾਂ ਅੰਦਰ ਕਿਸੇ ਵੀ ਤਰਾਂ ਦੀ ਨਾਅਰੇਬਾਜ਼ੀ, ਭੜਕਾਊ ਭਾਸ਼ਣ, ਜਲੂਸ, ਰੈਲੀਆਂ ਤੇ ਮੀਟਿੰਗਾਂ ਕਰਨ 'ਤੇ ਪਾਬੰਦੀ ਲਗਾਈ ਗਈ ਹੈ | ਇਸ ਤੋਂ ਇਲਾਵਾ ਧਾਰਮਿਕ ਸਥਾਨਾਂ, ਧਾਰਮਿਕ ਸਮਾਗਮਾਂ ਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ | ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀ ਹੱਦ 'ਚ ਹਥਿਆਰ, ਲਾਠੀਆਂ, ਤਲਵਾਰਾਂ, ਜ਼ਹਿਰੀਲੇ ਪਦਾਰਥ ਤੇ ਹੋਰ ਹਾਨੀਕਾਰਕ ਸਮੱਗਰੀ ਲਿਜਾਣ 'ਤੇ ਵੀ ਪਾਬੰਦੀ ਰਹੇਗੀ | ਇਸ ਸੰਬੰਧ 'ਚ ਜਾਰੀ ਹੁਕਮਾਂ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਪਾਬੰਦੀਆਂ ਪੁਲਿਸ ਕਰਮਚਾਰੀਆਂ ਤੇ ਡਿਊਟੀ 'ਤੇ ਤਾਇਨਾਤ ਸਰਕਾਰੀ ਅਧਿਕਾਰੀਆਂ ਤੇ ਹੋਰ ਅਧਿਕਾਰਤ ਸੁਰੱਖਿਆ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਣਗੀਆਂ | ਇਸੇ ਤਰਾਂ ਵਿਆਹ ਸ਼ਾਦੀ, ਅੰਤਿਮ ਅਰਦਾਸ, ਧਾਰਮਿਕ ਸਥਾਨਾਂ, ਧਾਰਮਿਕ ਸੰਸਥਾਵਾਂ ਤੇ ਉਪ-ਮੰਡਲ ਮੈਜਿਸਟ੍ਰੇਟ ਦੀ ਪ੍ਰਵਾਨਗੀ ਨਾਲ ਹੋਣ ਵਾਲੇ ਸਮਾਗਮਾਂ ਨੂੰ ਇਨਾਂ ਪਾਬੰਦੀਆਂ ਤੋਂ ਛੋਟ ਹੋਵੇਗੀ | ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਚੋਣਾਂ ਦੌਰਾਨ ਅਮਨ-ਕਾਨੂੰਨ ਬਣਾਈ ਰੱਖਣ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ ਤੇ ਕਿਸੇ ਵੀ ਤਰਾਂ ਦੀ ਅਫਵਾਹ ਜਾਂ ਭੜਕਾਊ ਗਤੀਵਿਧੀ ਤੋਂ ਦੂਰ ਰਹਿਣ | ਇਹ ਹੁਕਮ 25 ਮਈ ਤੋਂ ਲੈ ਕੇ ਆਗਾਮੀ 1 ਜੂਨ ਤੱਕ ਲਾਗੂ ਰਹਿਣਗੇ |