ਡੇਰਾਬੱਸੀ, 28 ਮਈ (ਰਣਬੀਰ ਸਿੰਘ ਪੜ੍ਹੀ)- ਬਰਵਾਲਾ ਰੋਡ 'ਤੇ ਬੰਦ ਪਈ ਵਿਨਸਮ ਯਾਰਨ ਫੈਕਟਰੀ ਲਗਾਤਾਰ ਚੋਰਾਂ ਦੇ ਨਿਸ਼ਾਨੇ 'ਤੇ ਹੈ ਅਤੇ ਇਥੇ ਦੇਰ-ਸਵੇਰ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਲਗਾਤਾਰ ਦੂਜੇ ਦਿਨ ਵੀ ਇਸ ਫੈਕਟਰੀ 'ਚ ਚੋਰੀ ਦੀ ਕੋਸ਼ਿਸ਼ ਕੀਤੀ ਗਈ | ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਫੈਕਟਰੀ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਤਿੰਨ ਹੋਰਨਾਂ ਚੋਰਾਂ ਨੂੰ ਫੈਕਟਰੀ ਦੇ ਮੁਸ਼ਤੈਦ ਸਕਿਊਰਿਟੀ ਸਟਾਫ਼ ਨੇ ਮੌਕੇ 'ਤੇ ਹੀ ਦਬੋਚ ਲਿਆ | ਕਾਬੂ ਚੋਰਾਂ ਕੋਲੋਂ ਚੋਰੀ ਕੀਤੀਆਂ ਭਾਰੀ ਮਾਤਰਾ 'ਚ ਤਾਰਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਨੂੰ ਸਕਿਊਰਿਟੀ ਨੇ ਤੁਰੰਤ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ | ਇਸ ਤੋਂ ਪਹਿਲਾਂ ਬੀਤੇ ਕੱਲ੍ਹ ਵੀ ਇਸੇ ਫੈਕਟਰੀ 'ਚ ਦਿਨ-ਦਿਹੜੇ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਚੋਰਾਂ ਦੇ ਇਕ ਗਰੋਹ ਨੂੰ ਫੈਕਟਰੀ ਦੇ ਮੁਸ਼ਤੈਦ ਸਕਿਊਰਿਟੀ ਸਟਾਫ਼ ਨੇ ਫ਼ਿਲਮੀ ਸਟਾਈਲ 'ਚ ਘੇਰ ਕੇ ਕਾਬੂ ਕਰ ਲਿਆ ਸੀ | ਚੋਰ ਫੈਕਟਰੀ ਦੀਆਂ ਮਸ਼ੀਨਾਂ 'ਚੋਂ ਕੀਮਤੀ ਤਾਂਬੇ ਦੀਆਂ ਤਾਰਾਂ ਕੱਟ ਕੇ ਰਫ਼ੂ-ਚੱਕਰ ਹੋਣ ਦੀ ਫ਼ਿਰਾਕ 'ਚ ਸਨ | ਕੱਲ੍ਹ ਦੁਪਹਿਰ ਵੇਲੇ ਵਾਪਰੀ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਫੈਕਟਰੀ ਦੇ ਸਕਿਊਰਿਟੀ ਸੁਪਰਵਾਈਜ਼ਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਖਾਣਾ ਖਾ ਕੇ ਬਿਲਡਿੰਗ ਦੀ ਉਪਰਲੀ ਮੰਜ਼ਿਲ 'ਤੇ ਬੈਠਾ ਸੀ ਤੇ ਜਦੋਂ ਉਸ ਦੀ ਨਜ਼ਰ ਹੱਥਾਂ 'ਚ ਤਾਰਾਂ ਦੇ ਟੁਕੜੇ ਫੜ੍ਹੀ ਗੇਟ ਵੱਲ ਵਧ ਰਹੇ ਦੋ ਸ਼ੱਕੀ ਨੌਜਵਾਨਾਂ 'ਤੇ ਪਈ ਤਾਂ ਉਸ ਨੇ ਬਿਨਾਂ ਸਮਾਂ ਗੁਆਏ ਹੇਠਾਂ ਮੌਜੂਦ ਗਾਰਡਾਂ ਨੂੰ ਅਲਰਟ ਕਰ ਦਿੱਤਾ ਅਤੇ ਸੁਰੱਖਿਆ ਕਰਮੀਆਂ ਨੇ ਮੁਸ਼ਤੈਦੀ ਵਰਤਦਿਆਂ ਦੋਵਾਂ ਚੋਰਾਂ ਨੂੰ ਚਾਰੋਂ ਪਾਸਿਓਾ ਘੇਰ ਕੇ ਮੌਕੇ 'ਤੇ ਹੀ ਦਬੋਚ ਲਿਆ | ਸਖ਼ਤੀ ਨਾਲ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕੰਧ ਟੱਪ ਕੇ ਅੰਦਰ ਦਾਖ਼ਲ ਹੋਣ ਤੇ ਮਸ਼ੀਨਾਂ ਦੀਆਂ ਕੀਮਤੀ ਤਾਂਬੇ ਦੀਆਂ ਤਾਰਾਂ ਕੱਟਣ ਦੀ ਗੱਲ ਕਬੂਲ ਲਈ | ਉਨ੍ਹਾਂ ਕੋਲੋਂ ਕੱਟੀਆਂ ਹੋਈਆਂ ਤਾਰਾਂ ਦੇ ਦੋ ਥੈਲੇ ਵੀ ਬਰਾਮਦ ਹੋਏ ਸਨ | ਕੱਲ੍ਹ ਦੀ ਵਾਰਦਾਤ ਦੀ ਸੂਚਨਾ ਮਿਲਣ 'ਤੇ ਏ. ਐੱਸ. ਆਈ. ਦਿਲਬਾਗ ਸਿੰਘ ਦੀ ਅਗਵਾਈ 'ਚ ਪਹੁੰਚੀ ਪੁਲਿਸ ਪਾਰਟੀ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ 'ਚ ਲਿਆ ਸੀ | ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ ਮੂਲ ਵਾਸੀ ਫ਼ਿਰੋਜ਼ਪੁਰ ਤੇ ਹਾਲ ਵਾਸੀ ਨੇੜੇ ਸਬਜ਼ੀ ਮੰਡੀ ਡੇਰਾਬੱਸੀ ਅਤੇ ਰਾਹੁਲ ਕੁਮਾਰ ਵਾਸੀ ਡੇਰਾਬੱਸੀ ਵਜੋਂ ਹੋਈ ਸੀ, ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ | ਇਸ ਕਾਰਵਾਈ ਦੇ ਬਾਵਜੂਦ ਅੱਜ ਮੁੜ ਤਿੰਨ ਚੋਰਾਂ ਵਲੋਂ ਫੈਕਟਰੀ ਨੂੰ ਨਿਸ਼ਾਨਾ ਬਣਾਉਣਾ ਇਹ ਸਾਬਿਤ ਕਰਦਾ ਹੈ ਕਿ ਬੰਦ ਪਈ ਇਸ ਉਦਯੋਗਿਕ ਇਕਾਈ 'ਤੇ ਚੋਰ ਗਰੋਹ ਦੀ ਪੂਰੀ ਅੱਖ ਹੈ ਤੇ ਇਥੇ ਸੁਰੱਖਿਆ ਦੇ ਲਿਹਾਜ਼ ਨਾਲ ਸਥਿਤੀ ਚਿੰਤਾਜਨਕ ਬਣੀ ਹੋਈ ਹੈ |