ਲਾਲੜੂ, 29 ਮਈ (ਰਾਜਬੀਰ ਸਿੰਘ)- ਨਗਰ ਕੌਂਸਲ ਲਾਲੜੂ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੇ 17 'ਚੋਂ 12 ਸੀਟਾਂ 'ਤੇ ਜਿੱਤ ਹਾਸਿਲ ਕਰਕੇ ਸਪੱਸ਼ਟ ਬਹੁਮਤ ਪ੍ਰਾਪਤ ਕੀਤਾ ਹੈ ਪਰ ਕੌਂਸਲ ਵਿਚਲੇ ਕੁਝ ਵਾਰਡਾਂ ਦੇ ਨਤੀਜਿਆਂ ਨੇ ਉਮੀਦਵਾਰਾਂ ਤੇ ਆਗੂਆਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ | ਕੌਂਸਲ 'ਚ ਸਭ ਤੋਂ ਵਕਾਰੀ ਸੀਟ ਮੰਨੇ ਜਾ ਰਹੇ ਵਾਰਡ ਨੰ. 14 ਵਿਚ ਆਜ਼ਾਦ ਉਮੀਦਵਾਰ ਸੰਦੀਪ ਰਾਣਾ, ਜਿਨ੍ਹਾਂ ਨੂੰ ਸੀ. ਪੀ. ਆਈ. (ਐਮ) ਨੇ ਅਧਿਕਾਰਤ ਸਮਰਥਨ ਦਿੱਤਾ ਸੀ, ਨੇ ਕੌਂਸਲ ਦੇ ਸੱਤਾਧਾਰੀ ਧਿਰ ਨਾਲ ਸੰਬੰਧਿਤ ਮੌਜੂਦਾ ਪ੍ਰਧਾਨ ਸਤੀਸ਼ ਰਾਣਾ ਨੂੰ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਦਕਿ ਕਾਂਗਰਸ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਮਾਸਟਰ ਮੋਹਨ ਸਿੰਘ ਰਾਣਾ ਦੀ ਨੂੰ ਹ ਨੂੰ ਸਾਬਕਾ ਪ੍ਰਧਾਨ ਮੁਕੇਸ਼ ਰਾਣਾ ਦੇ ਕਰੀਬੀ ਮਲਕੀਤ ਸਿੰਘ ਦੀ ਪਤਨੀ ਨੇ ਭਾਜਪਾ ਦੀ ਟਿਕਟ 'ਤੇ ਹਰਾ ਕੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ | ਕੌਂਸਲ ਚੋਣਾਂ ਦੇ ਨਤੀਜਿਆਂ ਅਨੁਸਾਰ 'ਆਪ' ਨੇ ਵਾਰਡ ਨੰਬਰ 1, 2, 3, 4,6, 8, 11, 13, 15, 16 ਅਤੇ 17 'ਚ ਜਿੱਤ ਦਰਜ ਕੀਤੀ ਹੈ, ਜਦਕਿ ਵਾਰਡ ਨੰਬਰ 9 'ਚ 'ਆਪ' ਦੀ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਐਲਾਨੀ ਜਾ ਚੁੱਕੀ ਸੀ | ਇਸੇ ਤਰ੍ਹਾਂ ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ, ਵਾਰਡ ਨੰਬਰ 5 ਤੋਂ ਭਾਜਪਾ , ਵਾਰਡ ਨੰਬਰ 7 ਅਤੇ 12 ਤੋਂ ਕਾਂਗਰਸੀ ਉਮੀਦਵਾਰ ਜੇਤੂ ਰਹੇ | ਰਿਟਰਨਿੰਗ ਅਫ਼ਸਰ ਬੀਰਕਰਨ ਸਿੰਘ ਅਨੁਸਾਰ ਵਾਰਡ ਨੰਬਰ 1 ਤੋਂ 'ਆਪ' ਦੀ ਉਮੀਦਵਾਰ ਮਹਿਮਾ ਸ਼ਰਮਾ, ਵਾਰਡ ਨੰਬਰ 2 ਤੋਂ 'ਆਪ' ਦੇ ਪ੍ਰਦੀਪ ਸਿੰਘ, ਵਾਰਡ ਨੰਬਰ 3 ਤੋਂ 'ਆਪ' ਦੀ ਨਰੇਸ਼ ਕੁਮਾਰੀ, ਵਾਰਡ ਨੰਬਰ 4 ਤੋਂ 'ਆਪ' ਦੇ ਅਮਨਦੀਪ ਰਾਣਾ, ਵਾਰਡ ਨੰਬਰ 5 ਤੋਂ ਭਾਜਪਾ ਦੀ ਅਮਨਪ੍ਰੀਤ ਕੌਰ, ਵਾਰਡ ਨੰਬਰ 6 ਤੋਂ 'ਆਪ' ਦੇ ਜੋਰਾਵਰ ਸਿੰਘ, ਵਾਰਡ ਨੰਬਰ 7 ਤੋਂ ਕਾਂਗਰਸ ਦੀ ਨਰਿੰਦਰ ਕੌਰ, ਵਾਰਡ ਨੰਬਰ 8 ਤੋਂ 'ਆਪ' ਦੇ ਹਰੀਸ਼ ਕੁਮਾਰ, ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਜੂ ਪ੍ਰਜਾਪਤ, ਵਾਰਡ ਨੰਬਰ 11 ਤੋਂ 'ਆਪ' ਦੇ ਮਲਕੀਤ ਸਿੰਘ, ਵਾਰਡ ਨੰਬਰ 12 ਤੋਂ ਕਾਂਗਰਸ ਦੇ ਮਨੀਸ਼ ਕੁਮਾਰ, ਵਾਰਡ ਨੰਬਰ 13 ਤੋਂ 'ਆਪ' ਦੀ ਸੋਨੀਆ ਸੈਣੀ, ਵਾਰਡ ਨੰਬਰ 14 ਤੋਂ ਆਜ਼ਾਦ ਉਮੀਦਵਾਰ ਸੰਦੀਪ ਰਾਣਾ, ਵਾਰਡ ਨੰਬਰ 15 ਤੋਂ 'ਆਪ' ਦੀ ਰਣਦੀਪ ਕੌਰ, ਵਾਰਡ ਨੰਬਰ 16 ਤੋਂ 'ਆਪ' ਦੇ ਸਵਰਨ ਸਿੰਘ ਤੇ ਵਾਰਡ ਨੰਬਰ 17 ਤੋਂ 'ਆਪ' ਦੀ ਪੂਜਾ ਦੇਵੀ ਜੇਤੂ ਰਹੀ | ਨਤੀਜਿਆ ਦਾ ਐਲਾਨ ਹੁੰਦਿਆਂ ਹੀ ਜੇਤੂ ਉਮੀਦਵਾਰਾਂ ਨੇ ਆਪੋ-ਆਪਣੇ ਸਮਰਥਕਾਂ ਸਮੇਤ ਖੁਸ਼ੀ ਮਨਾਈ ਤੇ ਜੇਤੂ ਜਲੂਸ ਕੱਢੇ | ਛੋਟੀ-ਮੋਟੀ ਨੋਕ-ਝੋਕ ਤੋਂ ਬਿਨਾਂ ਗਿਣਤੀ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਹੀ | ਅੰਤ 'ਚ ਜੇਤੂ ਉਮੀਦਵਾਰਾਂ ਨੂੰ ਜੇਤੂ ਸਰਟੀਫ਼ਿਕੇਟ ਦਿੱਤੇ ਗਏ | ਇਸ ਚੋਣ ਵਿਚ ਭਾਵੇਂ ਆਮ ਆਦਮੀ ਪਾਰਟੀ ਦੀ ਚੜ੍ਹਤ ਰਹੀ ਪਰ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਪਿਛਲੀ ਵਾਰ ਕਾਂਗਰਸੀ ਕੋਟੇ ਤੋਂ ਜਿੱਤ ਕੇ 'ਆਪ' ਵਿਚ ਗਏ ਸਾਰੇ ਹੀ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ | ਉਕਤ ਚੋਣ ਨਤੀਜਿਆਂ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਕੌਂਸਲ ਦੀ ਪ੍ਰਧਾਨ ਵਾਲੀ ਕੁਰਸੀ ਵੱਲ ਹੋ ਗਈਆਂ ਹਨ |