ਐੱਸ. ਏ. ਐੱਸ. ਨਗਰ, 30 ਮਈ (ਪ੍ਰੋ. ਅਵਤਾਰ ਸਿੰਘ)- ਮੁਹਾਲੀ ਨਗਰ ਨਿਗਮ ਚੋਣਾਂ ਦੌਰਾਨ ਸਭ ਤੋਂ ਸੰਵੇਦਨਸ਼ੀਲ ਸੀਟ ਮੰਨੀ ਜਾਂਦੀ ਵਾ. ਨੰ. 10 ਤੋਂ ਪਰਮਜੀਤ ਸਿੰਘ ਕਾਹਲੋਂ ਨੇ 131 ਵੋਟਾਂ ਦੇ ਮਾਰਜਨ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ | ਇਸ ਦੇ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਕਰਮਬੀਰ ਸਿੰਘ ਗੁੱਲੂ ਗੋਰਾਇਆ ਵਲੋਂ ਮੁਹਾਲੀ ਸਥਿਤ ਪਰਮਜੀਤ ਸਿੰਘ ਕਾਹਲੋਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਨਾਂ ਨੂੰ ਮੁਬਾਰਕਬਾਦ ਦਿੰਦਿਆਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਉਨਾਂ ਕਿਹਾ ਕਿ ਪਰਮਜੀਤ ਸਿੰਘ ਕਾਹਲੋਂ ਪਹਿਲਾਂ ਵੀ ਮੁਹਾਲੀ ਤੋਂ ਕਈ ਵਾਰ ਕੌਂਸਲਰ ਰਹਿ ਚੁੱਕੇ ਹਨ | ਉਨਾਂ ਕਿਹਾ ਕਿ ਭਾਵੇਂ ਕਾਹਲੋਂ ਨੇ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਨਿਗਮ ਚੋਣ ਜਿੱਤੀ ਹੈ ਪਰ ਉਹ ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਵੀ ਰਹਿ ਚੁੱਕੇ ਹਨ | ਉਨਾਂ ਕਿਹਾ ਕਿ ਇਸ ਵਾਰ ਕਾਹਲੋਂ ਨੇ ਸੱਤਾਧਾਰੀ ਧਿਰ ਦੇ ਉਮੀਦਵਾਰ ਦੇ ਨਾਲ-ਨਾਲ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਪੁੱਤਰ ਨੂੰ ਵੀ ਮਾਤ ਦਿੱਤੀ ਹੈ | ਇਸੇ ਦੌਰਾਨ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਉਹ ਨਿਗਮ ਚੋਣਾਂ ਦੌਰਾਨ ਉਨਾਂ 'ਤੇ ਵਿਸ਼ਵਾਸ ਜਿਤਾਉਣ ਵਾਲੇ ਸਮੁੱਚੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਤੇ ਭਰੋਸਾ ਦਿਵਾਉਂਦੇ ਹਨ ਕਿ ਵਾਰਡ ਵਾਸੀਆਂ ਦੀਆਂ ਆਸਾਂ 'ਤੇ ਖਰਾ ਉਤਰਨ 'ਚ ਕੋਈ ਕਸਰ ਬਾਕੀ ਨਹੀਂ ਛੱਡਣਗੇ |