27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸਿਮ ਸਵੈਪਿੰਗ ਰਾਹੀਂ 81.89 ਲੱਖ ਦੀ ਠੱਗੀ ਮਾਰਨ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ <br/>

Ad Position 21
No active advertisement
ਅਜੀਤ ਡੈਸਕ 01-06-2026
ਚੰਡੀਗੜ੍ਹ, 31 ਮਈ (ਸੰਦੀਪ ਕੁਮਾਰ ਮਾਹਨਾ) -ਇਕ ਕਾਰਪੋਰੇਟ ਬੈਂਕ ਖਾਤੇ ਨਾਲ ਜੁੜੇ ਮੋਬਾਈਲ ਨੰਬਰਾਂ ਦੀ ਗੈਰ-ਕਾਨੂੰਨੀ ਸਿਮ ਸਵੈਪਿੰਗ ਕਰਕੇ 81.89 ਲੱਖ ਰੁਪਏ ਦੀ ਠੱਗੀ ਕਰਨ ਦੇ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ ਪੱਛਮੀ ਬੰਗਾਲ ਦੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਪੁਲਿਸ ਅਨੁਸਾਰ ਮੁਲਜ਼ਮ ਸੰਗਠਿਤ ਸਾਈਬਰ ਗਰੋਹਾਂ ਨੂੰ ਆਪਣੇ ਬੈਂਕ ਖਾਤੇ ਅਤੇ ਸਿਮ ਕਾਰਡ ਵਰਤਣ ਲਈ ਉਪਲਬਧ ਕਰਵਾਉਂਦੇ ਸਨ ਜਿਸ ਦੇ ਬਦਲੇ ਉਨ੍ਹਾਂ ਨੂੰ ਕਮਿਸ਼ਨ ਮਿਲਦੀ ਸੀ |
ਚੰਡੀਗੜ੍ਹ ਸਾਈਬਰ ਕ੍ਰਾਈਮ ਥਾਣੇ ਵਿਚ ਦਰਜ ਇਕ ਮਾਮਲੇ ਦੀ ਜਾਂਚ ਦੌਰਾਨ ਇਹ ਵੱਡੀ ਸਫ਼ਲਤਾ ਮਿਲੀ ਹੈ | ਇਹ ਕੇਸ ਸੈਕਟਰ-17 ਸਥਿਤ ਅਲਫ਼ਾ ਫਾਰੇਕਸ ਪ੍ਰਾਈਵੇਟ ਲਿਮਟਿਡ ਦੇ ਇਕ ਕਰਮਚਾਰੀ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਕੰਪਨੀ ਦੇ ਬੈਂਕ ਖਾਤੇ ਨਾਲ ਜੁੜਿਆ ਰਜਿਸਟਰਡ ਮੋਬਾਈਲ ਨੰਬਰ ਅਚਾਨਕ ਬੰਦ ਹੋ ਗਿਆ ਤੇ ਉਸ 'ਤੇ ਨੈੱਟਵਰਕ ਆਉਣਾ ਬੰਦ ਹੋ ਗਿਆ | ਬਾਅਦ ਵਿਚ ਜਾਂਚ ਦੌਰਾਨ ਪਤਾ ਲੱਗਾ ਕਿ ਖਾਤੇ ਨਾਲ ਜੁੜੇ ਮੋਬਾਈਲ ਨੰਬਰ ਦੀ ਧੋਖੇ ਨਾਲ ਸਿਮ ਸਵੈਪਿੰਗ ਕਰ ਦਿੱਤੀ ਗਈ ਸੀ | ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਕੰਪਨੀ ਦੇ ਬੈਂਕ ਖਾਤੇ ਨਾਲ ਜੁੜੇ ਮੁੱਖ ਤੇ ਵਿਕਲਪਕ ਦੋਵੇਂ ਮੋਬਾਈਲ ਨੰਬਰਾਂ ਨਾਲ ਛੇੜਛਾੜ ਕੀਤੀ ਗਈ ਸੀ, ਜਿਸ ਰਾਹੀਂ ਸਾਈਬਰ ਅਪਰਾਧੀਆਂ ਨੇ ਬੈਂਕ ਖਾਤੇ ਤੱਕ ਗੈਰ-ਕਾਨੂੰਨੀ ਪਹੁੰਚ ਹਾਸਲ ਕਰ ਲਈ ਅਤੇ 81.89 ਲੱਖ ਰੁਪਏ ਦੀ ਰਕਮ ਵੱਖ-ਵੱਖ ਖਾਤਿਆਂ ਵਿਚ ਟਰਾਂਸਫਰ ਕਰ ਦਿੱਤੀ | ਤਕਨੀਕੀ ਵਿਸ਼ਲੇਸ਼ਣ ਅਤੇ ਜਾਂਚ ਦੌਰਾਨ ਪੁਲਿਸ ਨੂੰ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਨਾਲ ਸਬੰਧਿਤ ਦੋ ਵਿਅਕਤੀਆਂ ਬਾਰੇ ਅਹਿਮ ਜਾਣਕਾਰੀ ਮਿਲੀ | ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੀ ਵਿਸ਼ੇਸ਼ ਟੀਮ ਨੇ ਪੱਛਮੀ ਬੰਗਾਲ ਵਿਚ ਛਾਪੇਮਾਰੀ ਕਰਕੇ ਤਨਯ ਦਾਸ (26) ਵਾਸੀ ਨੋਆਪਾਰਾ ਅਤੇ ਰਾਜਦੀਪ ਘੋਸ਼ (22) ਵਾਸੀ ਮਸਲਾਨਪੁਰ ਨੂੰ ਗਿ੍ਫ਼ਤਾਰ ਕਰ ਲਿਆ |
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਦੋਵੇਂ ਮੁਲਜ਼ਮ ਸੰਗਠਿਤ ਸਾਈਬਰ ਗਰੋਹਾਂ ਲਈ ਬੈਂਕ ਖਾਤੇ ਅਤੇ ਸਿਮ ਕਾਰਡ ਉਪਲਬਧ ਕਰਵਾਉਂਦੇ ਸਨ | ਜਾਂਚ ਦੋਰਾਨ ਇਹ ਵੀ ਸਾਹਮਣੇ ਆਇਆ ਕਿ ਠੱਗੀ ਗਈ ਰਕਮ ਦਾ ਕੁਝ ਹਿੱਸਾ ਤਨਯ ਦਾਸ ਦੇ ਬੈਂਕ ਖਾਤੇ ਵਿਚ ਜਮ੍ਹਾਂ ਹੋਇਆ ਸੀ | ਪੁਲਿਸ ਅਨੁਸਾਰ ਰਾਜਦੀਪ ਘੋਸ਼ ਨੇ ਆਪਣੇ ਬੈਂਕ ਖਾਤੇ ਦੀ ਵਰਤੋਂ ਦੀ ਇਜਾਜ਼ਤ ਦੇਣ ਦੇ ਬਦਲੇ ਕਮਿਸ਼ਨ ਹਾਸਲ ਕੀਤੀ ਸੀ | ਮੁਲਜ਼ਮਾਂ ਦੇ ਕਬਜ਼ੇ ਵਿਚੋਂ ਮੋਬਾਈਲ ਫ਼ੋਨ, ਏ.ਟੀ.ਐਮ. ਕਾਰਡ, ਬੈਂਕਿੰਗ ਦਸਤਾਵੇਜ਼ ਤੇ ਹੋਰ ਅਹਿਮ ਸਮੱਗਰੀ ਬਰਾਮਦ ਕੀਤੀ ਗਈ ਹੈ | ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਆਪਣੇ ਕੁਝ ਹੋਰ ਸਾਥੀਆਂ ਦੇ ਨਾਮ ਵੀ ਉਜਾਗਰ ਕੀਤੇ ਹਨ, ਜੋ ਇਸ ਵੇਲੇ ਫ਼ਰਾਰ ਹਨ | ਉਨ੍ਹਾਂ ਦੀ ਗਿ੍ਫ਼ਤਾਰੀ ਲਈ ਚੰਡੀਗੜ੍ਹ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਆਪਣੇ ਬੈਂਕ ਖਾਤੇ ਜਾਂ ਸਿਮ ਕਾਰਡ ਕਿਸੇ ਹੋਰ ਵਿਅਕਤੀ ਨੂੰ ਵਰਤਣ ਲਈ ਨਾ ਦੇਣ ਕਿਉਂਕਿ ਇਨ੍ਹਾਂ ਦੀ ਵਰਤੋਂ ਸਾਈਬਰ ਅਪਰਾਧਾਂ 'ਚ ਹੋਣ ਦੀ ਸੂਰਤ ਵਿਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਉਨ੍ਹਾਂ ਲੋਕਾਂ ਨੂੰ ਸ਼ੱਕੀ ਫੋਨ ਕਾਲਾਂ ਤੋਂ ਸਾਵਧਾਨ ਰਹਿਣ, ਆਧਾਰ ਬਾਇਓਮੈਟਿ੍ਕਸ ਨੂੰ ਲਾਕ ਰੱਖਣ ਤੇ ਕਿਸੇ ਵੀ ਸਾਈਬਰ ਧੋਖਾਧੜੀ ਦੀ ਸੂਚਨਾ ਤੁਰੰਤ ਸਾਈਬਰ ਹੈਲਪਲਾਈਨ 1930 ਜਾਂ ਨਜ਼ਦੀਕੀ ਪੁਲਿਸ ਥਾਣੇ ਨੂੰ ਦੇਣ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ 'ਆਪ' ਪੰਜਾਬ ਵਲੋਂ ਹਰਜੀਤ ਕੌਰ ਲੋਹਟੀਆ ਵਿਧਾਨ ਸਭਾ ਹਲਕਾ ਫਿਲੌਰ ਦੇ ਇੰਚਾਰਜ ਨਿਯੁਕਤ ਅਗਲੀ ਖ਼ਬਰ ਨਾਰਕੋ-ਹਵਾਲਾ ਨੈੱਟਵਰਕ ਨੂੰ ਵੱਡਾ ਝਟਕਾ, 750 ਨਸ਼ਾ ਤਸਕਰਾਂ ਦੀਆਂ 300 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ <br/>
Ad Position 24