ਡੇਰਾਬੱਸੀ, 31 ਮਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਪਿੰਡ ਜਨੇਤਪੁਰ ਮਹਿਮਦਪੁਰ ਅਤੇ ਧਨੌਨੀ ਦੇ ਸਾਂਝੇ ਵਾ. ਨੰ. 17 ਤੋਂ ਆਜ਼ਾਦ ਉਮੀਦਵਾਰ ਕਰਮਜੀਤ ਕੌਰ ਦੇ ਪਤੀ ਸਾਬਕਾ ਸਰਪੰਚ ਬਲਬੀਰ ਸਿੰਘ ਬੱਲਾ ਜਨੇਤਪੁਰ ਨੇ ਸਰਕਾਰੀ ਕਾਲਜ ਡੇਰਾਬੱਸੀ ਵਿਖੇ ਹੋਈ ਵੋਟਾਂ ਦੀ ਗਿਣਤੀ ਪ੍ਰਕਿਰਿਆ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ | ਉਨ੍ਹਾਂ ਨੇ ਚੋਣ ਅਧਿਕਾਰੀਆਂ 'ਤੇ ਸਿੱਧੇ ਤੌਰ 'ਤੇ ਵੋਟਾਂ ਦੀ ਗਿਣਤੀ ਵਿਚ ਹੇਰਾਫੇਰੀ ਕਰਨ ਦੇ ਦੋਸ਼ ਲਗਾਏ ਹਨ | ਬੱਲਾ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਵਾ. ਨੰ. 17 ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਸੀ ਅਤੇ ਵੋਟਾਂ ਦੀ ਗਿਣਤੀ ਦੌਰਾਨ ਪਹਿਲਾਂ ਬੂਥ ਨੰ. 48 ਦੀਆਂ ਵੋਟਾਂ ਗਿਣੀਆਂ ਗਈਆਂ ਜਿਸ ਵਿਚ ਉਨ੍ਹਾਂ ਨੂੰ 263 ਵੋਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 266 ਵੋਟਾਂ ਪ੍ਰਾਪਤ ਹੋਈਆਂ | ਉਨ੍ਹਾਂ ਦੋਸ਼ ਲਗਾਇਆ ਕਿ ਇਸ ਤੋਂ ਕਰੀਬ ਅੱਧੇ ਘੰਟੇ ਬਾਅਦ ਜਦੋਂ ਬੂਥ ਨੰ. 49 ਦੀ ਪੇਟੀ ਲਿਆਂਦੀ ਗਈ ਤਾਂ ਉਸ ਦੀ ਸੀਲ ਪਹਿਲਾਂ ਹੀ ਖੁੱਲ੍ਹੀ ਹੋਈ ਸੀ | ਬੱਲਾ ਅਨੁਸਾਰ ਉਨ੍ਹਾਂ ਨੇ ਮੌਕੇ 'ਤੇ ਮੌਜੂਦ ਸਟਾਫ਼ ਕੋਲ ਇਸ ਦਾ ਵਿਰੋਧ ਕੀਤਾ ਤੇ ਜਵਾਬ ਤਲਬੀ ਕੀਤੀ ਪਰ ਅਧਿਕਾਰੀਆਂ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਹਵਾ ਦੇ ਦਬਾਅ ਜਾਂ ਕਿਸੇ ਹੋਰ ਤਕਨੀਕੀ ਕਾਰਨ ਅਜਿਹਾ ਹੋਇਆ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਰਹੀ ਕਿ ਬੂਥ ਨੰ. 49 ਦੀ ਪੇਟੀ 'ਚੋਂ ਵੀ ਵਿਰੋਧੀ ਉਮੀਦਵਾਰ ਦੀਆਂ ਬਿਲਕੁੱਲ ਬਰਾਬਰ ਯਾਨੀ 266 ਵੋਟਾਂ ਹੀ ਨਿਕਲੀਆਂ ਜਦਕਿ ਉਨ੍ਹਾਂ ਦੀਆਂ ਆਪਣੀਆਂ ਵੋਟਾਂ ਕਾਫ਼ੀ ਘਟਾ ਦਿੱਤੀਆਂ ਗਈਆਂ | ਉਨ੍ਹਾਂ ਸਵਾਲ ਚੁੱਕਿਆ ਕਿ ਦੋਵਾਂ ਬੂਥਾਂ 'ਤੇ ਇੱਕੋ ਉਮੀਦਵਾਰ ਨੂੰ ਬਿਲਕੁੱਲ ਬਰਾਬਰ ਵੋਟਾਂ ਮਿਲਣਾ ਨਾ-ਮੁਮਕਿਨ ਦੇ ਬਰਾਬਰ ਹੈ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਅੰਦਰਖਾਤੇ ਵੱਡੀ ਗੜਬੜੀ ਕੀਤੀ ਗਈ ਹੈ | ਸਾਬਕਾ ਸਰਪੰਚ ਨੇ ਕਿਹਾ ਕਿ ਇਸ ਕਥਿਤ ਘੁਟਾਲੇਬਾਜ਼ੀ ਖ਼ਿਲਾਫ਼ ਉਹ ਚੋਣ ਕਮਿਸ਼ਨ ਕੋਲ ਪਹੁੰਚ ਕਰ ਰਹੇ ਹਨ ਤੇ ਇਨਸਾਫ਼ ਲਈ ਸੋਮਵਾਰ ਨੂੰ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਨਗੇ | ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ | ਇਸ ਬਾਬਤ ਜਦੋਂ ਗਿਣਤੀ ਚੱਲ ਰਹੀ ਸੀ, ਉਸ ਵੇਲੇ ਤੁਸੀਂ ਸਖ਼ਤ ਇਤਰਾਜ਼ ਕਿਉਂ ਨਹੀਂ ਦਰਜ ਕਰਵਾਇਆ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਉੱਥੇ ਕੋਈ ਸੁਣਵਾਈ ਨਹੀਂ ਕੀਤੀ ਗਈ | ਉਸ ਨੂੰ ਖਦਸ਼ਾ ਹੈ ਕਿ ਵੋਟਾਂ ਵਾਲੇ ਸਟਰਾਂਗ ਰੂਮ 'ਚ ਵੋਟਾਂ ਵਾਲੇ ਬਕਸੇ ਖੋਲ੍ਹ ਕੇ ਕੋਈ ਘੁਟਾਲਾ ਕੀਤਾ ਗਿਆ ਹੈ | ਇਸ ਬਾਬਤ ਐਸ. ਡੀ. ਐਮ.-ਕਮ-ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਦੋ ਕੋਰਟ ਅਬਜ਼ਰਵਰਾਂ ਦੀ ਨਿਗਰਾਨੀ ਹੇਠ ਵੋਟਾਂ ਦੀ ਗਿਣਤੀ ਹੋਈ ਹੈ | ਇਕ ਮੈਡਮ ਸਟਰਾਂਗ ਰੂਮ 'ਚ ਸਨ ਤੇ ਦੂਜੇ ਕਾਊਾਟਿੰਗ ਰੂਮ ਵਿਚ ਮੌਜੂਦ ਸਨ ਤੇ ਕਮਿਸ਼ਨ ਦੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸਾਬਕਾ ਸਰਪੰਚ ਵਲੋਂ ਲਗਾਏ ਸਾਰੇ ਦੋਸ਼ ਝੂਠੇ ਤੇ ਬੁਨਿਆਦ ਹਨ |