ਜ਼ੀਰਕਪੁਰ, 31 ਮਈ (ਹੈਪੀ ਪੰਡਵਾਲਾ)- ਨਗਰ ਕੌਂਸਲ ਜ਼ੀਰਕਪੁਰ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 31 'ਚੋਂ 16 ਵਾਰਡਾਂ 'ਚ ਜਿੱਤ ਦਰਜ ਕਰਕੇ ਸੱਪਸ਼ਟ ਬਹੁਮਤ ਹਾਸਿਲ ਕੀਤਾ ਹੈ | ਇਸ ਜਿੱਤ ਨਾਲ ਜ਼ੀਰਕਪੁਰ ਨਗਰ ਕੌਂਸਲ 'ਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਨਾ ਲਗਭਗ ਤੈਅ ਹੋ ਗਿਆ ਹੈ | ਇਸ ਮੌਕੇ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪਣੇ ਗ੍ਰਹਿ ਵਿਖੇ ਜੇਤੂ ਉਮੀਦਵਾਰਾਂ, ਪਾਰਟੀ ਆਗੂਆਂ ਤੇ ਵਰਕਰਾਂ ਨਾਲ ਜਿੱਤ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਨਹੀਂ, ਸਗੋਂ ਜ਼ੀਰਕਪੁਰ ਦੇ ਲੋਕਾਂ ਦੀ ਜਿੱਤ ਹੈ | ਇਹ ਜਿੱਤ ਲੋਕਾਂ ਦੇ ਵਿਸ਼ਵਾਸ, ਪਾਰਟੀ ਵਰਕਰਾਂ ਦੀ ਅਥਾਹ ਮਿਹਨਤ ਤੇ ਭਗਵੰਤ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ 'ਤੇ ਲੱਗੀ ਮੋਹਰ ਹੈ | ਉਨ੍ਹਾਂ ਕਿਹਾ ਕਿ ਜ਼ੀਰਕਪੁਰ ਦੇ ਲੋਕਾਂ ਨੇ ਵਿਕਾਸ, ਪਾਰਦਰਸ਼ਤਾ ਤੇ ਇਮਾਨਦਾਰ ਰਾਜਨੀਤੀ ਦੇ ਹੱਕ 'ਚ ਆਪਣਾ ਫ਼ਤਵਾ ਦਿੱਤਾ ਹੈ ਤੇ ਰਵਾਇਤੀ ਸਿਆਸਤ ਨੂੰ ਨਕਾਰਦਿਆਂ ਬਦਲਾਅ ਦੀ ਰਾਜਨੀਤੀ ਨੂੰ ਚੁਣਿਆ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਪਾਰਟੀ ਵਰਕਰਾਂ ਨੇ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਤੇ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਿਸ ਦਾ ਨਤੀਜਾ ਅੱਜ ਇਸ ਸ਼ਾਨਦਾਰ ਜਿੱਤ ਦੇ ਰੂਪ ਵਿਚ ਸਾਹਮਣੇ ਆਇਆ ਹੈ | ਵਿਧਾਇਕ ਰੰਧਾਵਾ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਉਨ੍ਹਾਂ ਦੇ ਲਈ ਸਨਮਾਨ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਵੀ ਹੈ | ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ 'ਤੇ ਪੂਰੀ ਤਰ੍ਹਾਂ ਖਰਾ ਉਤਰੇਗੀ ਅਤੇ ਜ਼ੀਰਕਪੁਰ ਦੇ ਵਿਕਾਸ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ |