ਖਰੜ, 31 ਮਈ (ਜੰਡਪੁਰੀ)- ਸਿਵਲ ਹਸਪਤਾਲ ਖਰੜ ਵਿਖੇ ਕੋਈ ਸਕਿਊਰਿਟੀ ਨਾ ਹੋਣ ਕਰਕੇ ਹਸਪਤਾਲ ਦੇ ਐਂਮਰਜੈਂਸੀ ਵਾਰਡ ਦਾ ਸਟਾਫ਼ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰ ਰਿਹਾ ਹੈ | ਸਿਵਲ ਹਸਪਤਾਲ ਖਰੜ ਦੇ ਕੁਝ ਕਰਮਚਾਰੀਆਂ ਨੇ ਦੱਸਿਆ ਕਿ ਜਦੋਂ ਰਾਤ ਵੇਲੇ ਐਂਮਰਜੈਂਸੀ ਵਾਰਡ ਵਿਚ ਮਰੀਜ਼ ਆਉਂਦੇ ਹਨ ਤਾਂ ਉਹ ਅਕਸਰ ਸਟਾਫ਼ ਨਾਲ ਗ਼ਲਤ ਵਿਵਹਾਰ ਕਰਦੇ ਹਨ | ਉਨ੍ਹਾਂ ਦੱਸਿਆ ਕਿ ਕਈ ਵਾਰੀ ਤਾਂ ਅਜਿਹੇ ਮਰੀਜ਼ ਵੀ ਆਉਂਦੇ ਹਨ, ਜਿਹੜੇ ਕਿ ਨਸ਼ੇ 'ਚ ਧੁੱਤ ਹੁੰਦੇ ਹਨ ਅਤੇ ਉਨ੍ਹਾਂ ਤੋਂ ਖਹਿੜਾ ਛੁਡਵਾਉਣਾ ਸਟਾਫ਼ ਨੂੰ ਔਖਾ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਜਦੋਂ ਹਸਪਤਾਲ ਦੇ ਕਰਮਚਾਰੀ ਅਜਿਹੇ ਮਰੀਜ਼ਾਂ ਨੂੰ ਕੁਝ ਕਹਿੰਦੇ ਹਨ ਤਾਂ ਉਹ ਬੜੇ ਗਰਮ ਸੁਭਾਅ ਨਾਲ ਪੇਸ਼ ਆਉਂਦੇ ਹਨ | ਸਿਵਲ ਹਸਪਤਾਲ ਦੇ ਸਟਾਫ਼ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਜਾਣ | ਦੂਜੇ ਪਾਸੇ ਜਦੋਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਖਰੜ ਦੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਸਿਵਲ ਹਸਪਤਾਲ ਵਿਖੇ ਪੁਲਿਸ ਚੌਕੀ ਬਣਾਉਣ ਲਈ ਲਿਖਿਆ ਜਾ ਚੁੱਕਾ ਹੈ | ਇਸ ਤੋਂ ਇਲਾਵਾ ਉਨ੍ਹਾਂ ਵਲੋਂ ਇਹ ਵੀ ਮੰਗ ਕੀਤੀ ਜਾ ਚੁੱਕੀ ਹੈ ਕਿ ਜਦੋਂ ਤੱਕ ਹਸਪਤਾਲ 'ਚ ਪੁਲਿਸ ਚੌਕੀ ਨਹੀਂ ਬਣਦੀ, ਉਦੋਂ ਤੱਕ ਪੀ. ਸੀ. ਆਰ. ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਹਸਪਤਾਲ ਦੇ ਐਂਮਰਜੈਂਸੀ ਵਾਰਡ ਦੇ ਸਟਾਫ਼ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |