ਐੱਸ. ਏ. ਐੱਸ. ਨਗਰ, 13 ਜੂਨ (ਪ੍ਰੋ. ਅਵਤਾਰ ਸਿੰਘ)-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹੇ 'ਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫ਼ਲਤਾਪੂਰਵਕ ਸੰਪੂਰਨਤਾ 'ਤੇ ਖੁਸ਼ੀ ਪ੍ਰਗਟ ਕਰਦਿਆਂ ਇਸ ਮਹੱਤਵਪੂਰਨ ਰਾਸ਼ਟਰੀ ਅਭਿਆਸ ਨਾਲ ਜੁੜੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੌਰਾਨ ਦਿੱਤੇ ਗਏ ਨਿਰੰਤਰ ਸਹਿਯੋਗ, ਮਾਰਗਦਰਸ਼ਨ ਅਤੇ ਉਤਸ਼ਾਹ ਲਈ ਡਾ. ਨਵਜੋਤ ਖੋਸਾ ਡਾਇਰੈਕਟਰ ਜਨਗਣਨਾ ਸੰਚਾਲਨ ਪੰਜਾਬ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਡਾਇਰੈਕਟੋਰੇਟ ਦੀ ਟੀਮ ਦੀ ਸਰਗਰਮ ਭੂਮਿਕਾ ਅਤੇ ਸਮੇਂ ਸਿਰ ਮਿਲੇ ਮਾਰਗਦਰਸ਼ਨ ਨੇ ਇਸ ਅਭਿਆਸ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ 'ਚ ਅਹਿਮ ਯੋਗਦਾਨ ਪਾਇਆ | ਉਨ੍ਹਾਂ ਜ਼ਿਲ੍ਹੇ ਦੇ ਸਾਰੇ ਚਾਰਜ ਅਫ਼ਸਰਾਂ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਫੀਲਡ ਅਭਿਆਸ ਦੀ ਸਫ਼ਲਤਾਪੂਰਵਕ ਸੰਪੂਰਨਤਾ ਲਈ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਸਮਰਪਣ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਜਨਗਣਨਾ ਦੇ ਕਾਰਜਾਂ ਨਾਲ ਜੁੜੇ ਅਧਿਕਾਰੀਆਂ, ਕਰਮਚਾਰੀਆਂ, ਸੁਪਰਵਾਈਜ਼ਰਾਂ ਅਤੇ ਗਣਨਾਕਾਰਾਂ ਦੇ ਸਾਂਝੇ ਯਤਨਾਂ, ਆਪਸੀ ਤਾਲਮੇਲ ਅਤੇ ਜ਼ਿੰਮੇਵਾਰੀ ਭਰੇ ਰਵੱਈਏ ਸਦਕਾ ਇਹ ਫੀਲਡ ਅਭਿਆਸ ਸਫ਼ਲਤਾਪੂਰਵਕ ਮੁਕੰਮਲ ਹੋਇਆ ਹੈ | ਉਨ੍ਹਾਂ ਚਾਰਜ ਅਫ਼ਸਰਾਂ ਦੀ ਪ੍ਰਭਾਵਸ਼ਾਲੀ ਅਗਵਾਈ ਅਤੇ ਨਿਰੰਤਰ ਨਿਗਰਾਨੀ ਨੂੰ ਵੀ ਇਸ ਸਫ਼ਲਤਾ ਦਾ ਮਹੱਤਵਪੂਰਨ ਕਾਰਨ ਦੱਸਿਆ | ਉਨ੍ਹਾਂ ਕਿਹਾ ਕਿ ਜਨਗਣਨਾ ਦੇਸ਼ ਦੇ ਸਭ ਤੋਂ ਵੱਡੇ ਪ੍ਰਸ਼ਾਸਕੀ ਅਭਿਆਸਾਂ 'ਚੋਂ ਇਕ ਹੈ ਅਤੇ ਇਸ ਦੀ ਸਫ਼ਲਤਾ ਲਈ ਹਰ ਪੱਧਰ 'ਤੇ ਟੀਮ ਵਰਕ ਅਤੇ ਜ਼ਿੰਮੇਵਾਰੀ ਭਰਪੂਰ ਭੂਮਿਕਾ ਨਿਭਾਉਣੀ ਲਾਜ਼ਮੀ ਹੈ | ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਭਰੋਸਾ ਜਤਾਉਂਦਿਆਂ ਡੀ. ਸੀ. ਕੋਮਲ ਮਿੱਤਲ ਨੇ ਕਿਹਾ ਕਿ ਆਉਣ ਵਾਲੇ ਪੜਾਵਾਂ 'ਚ ਵੀ ਇਹੀ ਟੀਮ ਭਾਵਨਾ ਅਤੇ ਸਮਰਪਣ ਬਰਕਰਾਰ ਰਹੇਗਾ | ਉਨ੍ਹਾਂ ਜਨਗਣਨਾ ਦੇ ਪੜਾਅ-1 ਦੇ ਫੀਲਡ ਅਭਿਆਸ ਦੀ ਸਫ਼ਲ ਸਮਾਪਤੀ 'ਚ ਯੋਗਦਾਨ ਪਾਉਣ ਵਾਲੇ ਸਾਰੇ ਚਾਰਜ ਅਫ਼ਸਰਾਂ, ਸੁਪਰਵਾਈਜ਼ਰਾਂ, ਗਣਨਾਕਾਰਾਂ ਅਤੇ ਸਹਾਇਕ ਸਟਾਫ਼ ਨੂੰ ਦਿਲੋਂ ਵਧਾਈ ਦਿੱਤੀ |