ਜ਼ੀਰਕਪੁਰ, 15 ਜੂਨ (ਮਨਿੰਦਰ ਸਿੰਘ)-ਸਤਯੁੱਗ ਦਰਸ਼ਨ ਟਰੱਸਟ ਵਲੋਂ ਕਿੰਡਰ ਕੈਸਲ ਪਲੇਅ ਸਕੂਲ ਪੀਰਮੁਛੱਲਾ ਵਿਖੇ ਇਕ ਵਿਸ਼ੇਸ਼ ਅਧਿਆਤਮਕ ਸਮਰ ਕੈਂਪ ਲਗਾਇਆ ਗਿਆ, ਜਿਸ ਦਾ ਉਦੇਸ਼ ਬੱਚਿਆਂ ‘ਚ ਅਧਿਆਤਮਕ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਸੱਭਿਆਚਾਰਕ ਤੇ ਨੈਤਿਕ ਮੁੱਲਾਂ ਨਾਲ ਜੋੜਨਾ ਸੀ। ਕੈਂਪ ਦੌਰਾਨ ਬੱਚਿਆਂ ਲਈ ਪ੍ਰਵਚਨ, ਯੋਗਾ, ਪ੍ਰਾਥਨਾ, ਸੰਗੀਤ, ਨਾਚ ਅਤੇ ਕਲਾ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਕਿੰਡਰ ਕੈਸਲ ਪਲੇਅ ਸਕੂਲ ਦੀ ਪ੍ਰਿੰ. ਜੈਸਮੀਨ ਬਜਾਜ ਨੇ ਸਤਯੁੱਗ ਦਰਸ਼ਨ ਟਰੱਸਟ ਦੀ ਟੀਮ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਕੈਂਪ ਦਾ ਉਦਘਾਟਨ ਪ੍ਰਸਿੱਧ ਸਿੱਖਿਆਵਾਦੀ ਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਲਕਸ਼ ਵੀਰ ਸਹਿਗਲ ਨੇ ਕੀਤਾ। ਉਹ ਚਾਈਲਡ ਐਜੂਕੇਸ਼ਨ ਸੁਸਾਇਟੀ ਦੇ ਸੰਯੁਕਤ ਸਕੱਤਰ ਹਨ, ਜੋ ਕਿ ਦੇਸ਼ ਭਰ ‘ਚ ‘ਬਾਲ ਭਾਰਤੀ’ ਸਮੇਤ ਕਈ ਸਿੱਖਿਆ ਸੰਸਥਾਵਾਂ ਦਾ ਸੰਚਾਲਨ ਕਰਦੀ ਹੈ। ਸਮਾਗਮ ਦੀ ਸ਼ੁਰੂਆਤ ਇਕ ਭਾਵਪੂਰਨ ਪ੍ਰਾਥਨਾ ਨਾਲ ਹੋਈ। ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੀ ਸੇਵਾ-ਮੁਕਤ ਪ੍ਰੋ. ਡਾ. ਪੂਨਮ ਸਹਿਗਲ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ‘ਚ ਆਧਿਆਤਮਕ ਅਤੇ ਮੁੱਲ-ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਕੇ. ਵੀ. ਐਮ. ਸਕੂਲ ਦੀ ਸਾਬਕਾ ਉਪ ਪ੍ਰਧਾਨ ਨੀਲਮ ਸਹਿਗਲ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਬੱਚਿਆਂ ਨੂੰ ਸ਼ੁਰੂਆਤੀ ਪੜਾਅ ਤੋਂ ਹੀ ਨੈਤਿਕ ਸਿੱਖਿਆ ਦੇਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਜ਼ਿੰਮੇਵਾਰ ਤੇ ਸੰਵੇਦਨਸ਼ੀਲ ਨਾਗਰਿਕ ਬਣ ਸਕਣ। ਅੰਤ ‘ਚ ਬਾਲ ਮਨੋਵਿਗਿਆਨ ਮਾਹਿਰ ਤੇ ਯੰਗ ਸਾਇੰਟਿਸਟ ਐਵਾਰਡੀ ਪ੍ਰੋ. ਸੰਗੀਤਾ ਤ੍ਰਾਮਾ ਨੇ ਬੱਚਿਆਂ ਦੇ ਸਰਵਪੱਖੀ ਵਿਕਾਸ ਨਾਲ ਜੁੜੇ ਮਹੱਤਵਪੂਰਨ ਪਹਿਲੂਆਂ ‘ਤੇ ਚਾਨਣਾ ਪਾਇਆ।