ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਚੰਡੀਗੜ੍ਹ ਯੂਨੀਵਰਸਿਟੀ ਵਲੋਂ ਭਾਰਤ ਉੱਚ ਸਿੱਖਿਆ ਸੰਮੇਲਨ ਦੀ ਮੇਜ਼ਬਾਨੀ

Ad Position 21
No active advertisement
ਅਜੀਤ ਡੈਸਕ 20-06-2026
ਐੱਸ. ਏ. ਐੱਸ. ਨਗਰ, 19 ਜੂਨ (ਪ੍ਰੋ. ਅਵਤਾਰ ਸਿੰਘ)- ਭਾਰਤ ‘ਚ ਮਿਆਰੀ ਸਿੱਖਿਆ ਪਰਿਵਰਤਨ ਦੇ ਕੇਂਦਰ ਵਜੋਂ ਖ਼ੁਦ ਨੂੰ ਸਥਾਪਿਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਤੀਜੇ ਭਾਰਤ ਉੱਚ ਸਿੱਖਿਆ ਸੰਮੇਲਨ-2026 ਦੀ ਮੇਜ਼ਬਾਨੀ ਕੀਤੀ ਗਈ। ਇਸ ਸੰਮੇਲਨ ‘ਚ ਦੇਸ਼ ਦੁਨੀਆ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ 200 ਤੋਂ ਵੱਧ ਵਾਈਸ ਚਾਂਸਲਰਾਂ ਸਮੇਤ ਨੀਤੀ ਘਾੜੇ, ਇੰਡਸਟਰੀ ਲੀਡਰ, ਖੋਜਕਾਰ, ਡਿਪਲੋਮੈਂਟ ਅਤੇ ਕੌਮਾਂਤਰੀ ਸਿੱਖਿਆ ਮਾਹਿਰ ਇਕੋ ਮੰਚ ‘ਤੇ ਇਕੱਠੇ ਹੋਏ ਜਿਨ੍ਹਾਂ ਸਾਲ 2047 ਤੱਕ ਭਾਰਤ ਨੂੰ ਇਕ ਵਿਕਸਿਤ ਦੇਸ਼ ਵਜੋਂ ਸਥਾਪਿਤ ਕਰਨ ਦੇ ਸਫ਼ਰ ‘ਚ ਯੂਨੀਵਰਸਿਟੀਆਂ ਦੀ ਪਰਿਵਰਤਨਕਾਰੀ ਭੂਮਿਕਾ ਬਾਰੇ ਵਿਚਾਰ-ਚਰਚਾ ਕੀਤੀ। ਇਸ ਦੋ ਰੋਜ਼ਾ ਸੰਮੇਲਨ ‘ਚ ਸਾਬਕਾ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਤੇ ਐਮ. ਪੀ. ਅਨੁਰਾਗ ਠਾਕੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਭਾਰੀ ਉਦਯੋਗ ਅਤੇ ਜਨਤਕ ਉੱਦਮ ਮੰਤਰਾਲੇ ਦੇ ਸਾਬਕਾ ਸਕੱਤਰ ਭਾਸਕਰ ਚੈਟਰਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲੁਆਈ। ਉਨ੍ਹਾਂ ਦੇ ਨਾਲ ਸੀ. ਆਈ. ਪੀ. ਯੂ. ਸੰਸਥਾਪਕ ਤੇ ਮੁੱਖ ਸਰਪ੍ਰਸਤ ਡਾ. ਰਾਹੁਲ ਵੀ ਕਰਾਡ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋ. (ਡਾ.) ਵੀ. ਐਨ. ਰਾਜਸ਼ੇਖਰਨ ਪਿੱਲਈ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਿੰਦਰ ਸਿੰਘ ਸੰਧੂ, ਸੀ. ਆਈ. ਪੀ. ਯੂ. ਦੇ ਡਾਇਰੈਕਟਰ ਜਨਰਲ ਆਰ. ਕਾਰਤਿਕ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਵੀਰਾਜਾ ਸੀਤਾਰਾਮ ਵੀ ਉਚੇਚੇ ਤੌਰ ‘ਤੇ ਹਾਜ਼ਰ ਰਹੇ। ਇਸ ਮੌਕੇ ਸਾਬਕਾ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ‘ਕਿਊ. ਐਸ. ਵਰਲਡ ਯੂਨੀਵਰਸਿਟੀ ਰੈਂਕਿੰਗਜ਼-2027’ ‘ਚ ਵਿਸ਼ਵ ਭਰ ‘ਚੋਂ 526ਵਾਂ ਰੈਂਕ ਹਾਸਿਲ ਕਰਨ ‘ਤੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਲ 2015 ਤੱਕ ਭਾਰਤ ਦੀਆਂ ਸਿਰਫ਼ 11 ਯੂਨੀਵਰਸਿਟੀਆਂ ਹੀ ਵਿਸ਼ਵ ਦੀਆਂ ਟਾਪ ਰੈਂਕਿੰਗਜ਼ ‘ਚ ਜਗ੍ਹਾ ਬਣਾ ਸਕੀਆਂ ਸਨ ਜਦਕਿ ਇਸ ਸਾਲ ਦੇਸ਼ ਦੀਆਂ 52 ਯੂਨੀਵਰਸਿਟੀਆਂ ਵਿਸ਼ਵ ਦੇ ਟਾਪ 1000 ਵਿੱਦਿਅਕ ਅਦਾਰਿਆਂ ‘ਚ ਆਪਣੀ ਜਗ੍ਹਾ ਬਣਾਉਣ ‘ਚ ਸਫ਼ਲ ਰਹੀਆਂ ਹਨ ਜਿਨ੍ਹਾਂ ‘ਚ 12 ਭਾਰਤੀ ਆਈ. ਆਈ. ਟੀਜ਼ ਵੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਭਾਰਤ ਦਾ ਹਰ ਖੇਤਰ ਦੇਸ਼ ਦੀਆਂ ਬਦਲਦੀਆਂ ਲੋੜਾਂ ਅਤੇ ਤਰਜ਼ੀਹਾਂ ਮੁਤਾਬਿਕ ਖ਼ੁਦ ਨੂੰ ਮੁੜ ਸੁਰਜੀਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੰਤਰੀ ਨਰਿੰਦਰ ਮੋਦੀ 2047 ਤੱਕ ‘ਵਿਕਸਿਤ ਭਾਰਤ’ ਦੀ ਗੱਲ ਕਰਦੇ ਹਨ ਤਾਂ ਉਹ ਕਿਸੇ ਦੂਰ ਦੇ ਸੁਪਨੇ ਦੀ ਗੱਲ ਨਹੀਂ ਕਰ ਰਹੇ ਹੁੰਦੇ, ਸਗੋਂ ਉਹ ਇਕ ਠੋਸ ਤੇ ਸਮਾਂਬੱਧ ਰਾਸ਼ਟਰੀ ਮਿਸ਼ਨ ਦੀ ਗੱਲ ਕਰ ਰਹੇ ਹੁੰਦੇ ਹਨ ਅਤੇ ਸਿੱਖਿਆ ਇਸ ਮਿਸ਼ਨ ਦੇ ਬਿਲਕੁੱਲ ਕੇਂਦਰ ‘ਚ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਯੂਨੀਵਰਸਿਟੀਆਂ ਆਯੁਰਵੈਦ, ਯੋਗਾ, ਸੰਸਕ੍ਰਿਤ ਅਤੇ ਪ੍ਰਾਚੀਨ ਗਣਿਤ ਵਰਗੀਆਂ ਭਾਰਤੀ ਗਿਆਨ ਪ੍ਰਣਾਲੀਆਂ ਨੂੰ ਏ. ਆਈ., ਕੁਆਂਟਮ ਕੰਪਿਊਟਿੰਗ ਅਤੇ ਬਾਇਓਟੈਕਨਾਲੋਜੀ ਵਰਗੀਆਂ ਆਧੁਨਿਕ ਤਕਨਾਲੋਜੀਆਂ ਦੇ ਨਾਲ ਜੋੜਨ। ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀ ਪ੍ਰਾਚੀਨ ਅਤੇ ਏ. ਆਈ. ਦੋਵਾਂ ਪ੍ਰਣਾਲੀਆਂ ‘ਚ ਬਰਾਬਰ ਦੇ ਮਾਹਿਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਮੁੜ ਵਿਸ਼ਵ ਗੁਰੂ ਵਜੋਂ ਸਥਾਪਿਤ ਕਰਨ ਦਾ ਅਸਲ ਮਤਲਬ ਇਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰਨਵੇਅ ਤਿਆਰ ਕਰ ਦਿੱਤਾ ਹੈ ਅਤੇ ਹੁਣ ਯੂਨੀਵਰਸਿਟੀਆਂ ਨੂੰ ਭਾਰਤ ਦੀ ਇਸ ਉਡਾਣ ‘ਚ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਸੀ. ਆਈ. ਪੀ. ਯੂ. ਦੇ ਮੁੱਖ ਸਰਪ੍ਰਸਤ ਰਾਹੁਲ ਵੀ ਕਰਾਡ ਨੇ ਕਿਹਾ ਕਿ ਸਾਲ 2047 ਤੱਕ ਇਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਸੰਕਲਪ ਨੂੰ ਪੂਰਾ ਕਰਨ ‘ਚ ਉੱਚ ਸਿੱਖਿਆ ਕ੍ਰਾਂਤੀਕਾਰੀ ਭੂਮਿਕਾ ਨਿਭਾਏਗੀ, ਜਦਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਵੀਰਾਜਾ ਸੀਤਾਰਾਮ ਨੇ ਕਿਹਾ ਕਿ ਅੱਜ ਦੇ ਦੌਰ ‘ਚ ਯੂਨੀਵਰਸਿਟੀਆਂ ਦੀ ਜ਼ਿੰਮੇਵਾਰੀ ਸਿਰਫ਼ ਗਿਆਨ ਵੰਡਣ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਜਿਵੇਂ-ਜਿਵੇਂ ਭਾਰਤ ਸਾਲ 2047 ਤੱਕ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਪੂਰਾ ਕਰਨ ਵੱਲ ਵਧ ਰਿਹਾ ਹੈ, ਵਿੱਦਿਅਕ ਅਦਾਰਿਆਂ ਨੂੰ ਨਵੀਨਤਾ, ਉੱਦਮਤਾ, ਉੱਤਮ ਖੋਜ ਅਤੇ ਸਮਾਜਿਕ ਪਰਿਵਰਤਨ ਦੇ ਪ੍ਰੇਰਕ ਵਜੋਂ ਉੱਭਰਨਾ ਹੋਵੇਗਾ। ਸੰਮੇਲਨ ਦੌਰਾਨ ਵੱਖ-ਵੱਖ ਅਹਿਮ ਵਿਸ਼ਿਆਂ ‘ਤੇ ਪੈਨਲ ਚਰਚਾ ਵੀ ਕੀਤੀ ਗਈ। ਇਸ ਤੋਂ ਬਾਅਦ ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਹੁਨਰ ਵਿਕਾਸ, ਨਵੀਨਤਾ ਤੇ ਉਦਯੋਗ-ਅਨੁਕੂਲ ਸਿੱਖਿਆ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਕਨਫੈਡਰੇਸ਼ਨ ਆਫ਼ ਇੰਡੀਅਨ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਇੰਟਰਨੈਸ਼ਨਲ ਆਟੋਮੋਬਾਈਲ ਸੈਂਟਰ ਆਫ਼ ਐਕਸੀਲੈਂਸ ਗੁਜਰਾਤ ਵਿਚਕਾਰ ਇਕ ਸਮਝੌਤਾ ਪੱਤਰ ‘ਤੇ ਹਸਤਾਖਰ ਵੀ ਕੀਤੇ ਗਏ। ਸੰਮੇਲਨ ਦੌਰਾਨ ‘ਇੰਡਸਟਰੀ 4.0’ ਸਮੇਤ ਨਵੀਆਂ ਉੱਭਰਦੀਆਂ ਤਕਨਾਲੋਜੀਆਂ ਦੀਆਂ ਬਦਲਦੀਆਂ ਮੰਗਾਂ ਦੇ ਅਨੁਕੂਲ ਇਕ ਭਵਿੱਖ-ਮੁਖੀ ਵਰਕਫੋਰਸ ਤਿਆਰ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਵਿਚ ਏਕੇ-47 ਤੇ ਪਿਸਤੌਲਾਂ ਦੀ ਬਰਾਮਦਗੀ ਪੰਜਾਬ ਦੀ ਸੁਰੱਖਿਆ ਲਈ ਗੰਭੀਰ ਚਿਤਾਵਨੀ-ਰੰਧਾਵਾ ਅਗਲੀ ਖ਼ਬਰ ਝਾੜੀਆਂ ’ਚੋਂ ਆ ਰਹੀ ਸੀ ਬਦਬੂ, ਮਾਰਕਿਟ ਦੇ ਦੁਕਾਨਦਾਰ ਦੀ ਸੂਚਨਾ ’ਤੇ ਮੌਕੇ ’ਤੇ ਪੁੱਜੀ ਪੁਲਿਸ
Ad Position 24
No active advertisement