ਚੰਡੀਗੜ੍ਹ, 24 ਜੂਨ (ਸੁਖਵਿੰਦਰ ਸਿੰਘ ਸ਼ਾਨ) - ਰਾਜਧਾਨੀ ਚੰਡੀਗੜ੍ਹ ਵਿਚ ਬੁੱਧਵਾਰ ਨੂੰ ਵੱਖ-ਵੱਖ ਸੈਕਟਰਾਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਪਰ ਮੌਸਮ ਸੁਹਾਵਣਾ ਹੋਣ ਦੇ ਬਾਵਜੂਦ ਦਿਨ ਦੇ ਤਾਪਮਾਨ ਵਿਚ 2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਸ਼ਹਿਰ ਵਿਚ ਸਵੇਰ ਵੇਲੇ ਤੋਂ ਹੀ ਬੱਦਲ ਛਾਏ ਰਹੇ ਅਤੇ 40 ਤੋਂ 60 ਕਿੱਲੋਮੀਟਰ ਪਰ ਘੰਟੇ ਦੀ ਦਰ ਨਾਲ ਤੇਜ਼ ਹਵਾਵਾਂ ਚੱਲੀਆਂ। ਦੁਪਹਿਰ ਹੁੰਦਿਆਂ ਸੈਕਟਰ 16, 20, 21, 22 ਅਤੇ 23 ਵਿਚ ਦਰਮਿਆਨਾ ਤੇ ਤੇਜ਼ ਗਤੀ ਦਾ ਮੀਂਹ ਪਿਆ। ਜਦੋਂ ਕਿ ਹੋਰਨਾਂ ਸੈਕਟਰਾਂ ਵਿਚ ਹਲਕਾ ਮੀਂਹ ਬਰਸਿਆ। ਕੁੱਝ ਸੈਕਟਰਾਂ ਵਿਚ ਮੀਂਹ ਐਨਾ ਜ਼ੋਰਦਾਰ ਸੀ ਕਿ ਸੜਕਾਂ ’ਤੇ ਜਾ ਰਹੀਆਂ ਕਾਰਾਂ, ਮੋਟਰਸਾਈਕਲਾਂ, ਟਰੱਕਾਂ ਅਤੇ ਬੱਸਾਂ ਦੀ ਰਫ਼ਤਾਰ ਧੀਮੀ ਹੋ ਗਈ ਹੈ। ਭਲਕੇ ਬਾਰੇ ਅਨੁਮਾਨ ਹੈ ਕਿ ਸ਼ਹਿਰ ਵਿਚ ਯੈਲੋ ਚਿਤਾਵਨੀ ਜਾਰੀ ਰਹੇਗੀ ਜਿਸ ਦੇ ਚੱਲਦਿਆਂ ਵੱਖ-ਵੱਖ ਸੈਕਟਰਾਂ ਵਿਚ ਬੱਦਲਾਂ ਦੀ ਗਰਜ, ਚਮਕ ਨਾਲ ਮੀਂਹ ਪੈ ਸਕਦਾ ਹੈ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਬੁੱਧਵਾਰ ਨੂੰ ਸ਼ਹਿਰ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 39.8 ਡਿਗਰੀ ਅਤੇ ਰਾਤ ਦਾ ਤਾਪਮਾਨ 26.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।