ਐੱਸ. ਏ. ਐੱਸ. ਨਗਰ, 26 ਜੂਨ (ਪ੍ਰੋ. ਅਵਤਾਰ ਸਿੰਘ)-ਸਮਾਜਿਕ ਵਿਕਾਸ ਅਤੇ ਨੌਜਵਾਨਾਂ ਦੇ ਸਸ਼ਕਤੀਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੀ ‘ਗ੍ਰੇਟ ਨਵਭਾਰਤ ਮਿਸ਼ਨ ਫਾਊਂਡੇਸ਼ਨ’ ਵਲੋਂ ਤਿੰਨ ਰੋਜ਼ਾ ‘ਉਡਾਣ ਸਕਿੱਲ ਐਂਡ ਇਨੋਵੇਸ਼ਨ ਕੈਂਪ’ ਲਗਾਇਆ ਗਿਆ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਪੇਂਡੂ ਨੌਜਵਾਨਾਂ ਨੂੰ ਜ਼ਰੂਰੀ ਜੀਵਨ ਹੁਨਰ, ਤਕਨੀਕੀ ਗਿਆਨ ਅਤੇ ਨਵੀਨਤਾ ਦੀ ਭਾਵਨਾ ਨਾਲ ਲੈਸ ਕਰਨਾ ਸੀ। ‘ਨਵੀਂ ਸੋਚ, ਨਵੀਂ ਉਡਾਣ’ ਦੇ ਬੈਨਰ ਹੇਠ ਲਗਾਏ ਗਏ ਇਸ ਕੈਂਪ ‘ਚ ਪਿੰਡ ਮੱਛਲੀ ਕਲਾਂ, ਬਾਸੀਆਂ ਅਤੇ ਝੰਜੇੜੀ ਦੇ ਲਗਭਗ 40 ਵਿਦਿਆਰਥੀਆਂ/ਵਲੰਟੀਅਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਹ ਪਹਿਲਕਦਮੀ ਭਾਗੀਦਾਰਾਂ ‘ਚ ਪ੍ਰੈਕਟੀਕਲ ਸਿੱਖਿਆ, ਆਤਮ-ਵਿਸ਼ਵਾਸ, ਆਤਮ-ਨਿਰਭਰਤਾ ਅਤੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇਕ ਗਤੀਸ਼ੀਲ ਪਲੇਟਫਾਰਮ ਸਾਬਿਤ ਹੋਈ। ਕੈਂਪ ਦੌਰਾਨ ਪੜ੍ਹਾਈ ਅਤੇ ਵਿਵਹਾਰਕ ਵਰਤੋਂ ਵਿਚਕਾਰਲੇ ਪਾੜੇ ਨੂੰ ਪੂਰਨ ਲਈ ਕਈ ਤਰ੍ਹਾਂ ਦੀਆਂ ਹੈਂਡਸ-ਆਨ ਵਰਕਸ਼ਾਪਾਂ ਅਤੇ ਇੰਟਰਐਕਟਿਵ ਸੈਸ਼ਨ ਕਰਵਾਏ ਗਏ। ਇਸ ਤੋਂ ਇਲਾਵਾ ਭਾਗੀਦਾਰਾਂ ਨੂੰ ਬੇਸਿਕ ਕੰਪਿਊਟਰ ਸਕਿੱਲਜ਼ ਅਤੇ ਐਮ. ਐਸ. ਵਰਡ ਦੀ ਸਿਖਲਾਈ ਦਿੱਤੀ ਗਈ, ਜਿਸ ਨੇ ਉਨ੍ਹਾਂ ਦੀ ਡਿਜ਼ੀਟਲ ਸਾਖਰਤਾ ਨੂੰ ਮਜ਼ਬੂਤ ਕੀਤਾ ਤਾਂ ਜੋ ਉਹ ਅੱਜ ਦੇ ਤਕਨਾਲੋਜੀ-ਪ੍ਰਧਾਨ ਯੁੱਗ ਦੀਆਂ ਲੋੜਾਂ ਦੇ ਹਾਣੀ ਬਣ ਸਕਣ। ਇਸ ਦੌਰਾਨ ਪ੍ਰੋਗਰਾਮ ਨੂੰ ਹੋਰ ਵਿਵਹਾਰਕ ਬਣਾਉਂਦੇ ਹੋਏ ਕੈਂਪ ‘ਚ ਮਕੈਨੀਕਲ ਅਤੇ ਕਾਰਪੇਂਟਰੀ ਵਰਕਸ਼ਾਪਾਂ ਨੂੰ ਵੀ ਸ਼ਾਮਿਲ ਕੀਤਾ ਗਿਆ, ਜਿਥੇ ਕਿ ਨੌਜਵਾਨਾਂ ਨੂੰ ਤਕਨੀਕੀ ਔਜ਼ਾਰਾਂ, ਮਸ਼ੀਨਰੀ, ਕਾਰੀਗਰੀ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀਆਂ ਤਕਨੀਕਾਂ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਇਕ ਆਟੋਮੋਬਾਈਲ ਜਾਗਰੂਕਤਾ ਸੈਸ਼ਨ ਰਾਹੀਂ ਵਿਦਿਆਰਥੀਆਂ ਨੂੰ ਵਾਹਨਾਂ ਦੇ ਸੰਚਾਲਨ, ਰੱਖ-ਰਖਾਅ ਅਤੇ ਸੁਰੱਖਿਆ ਦੇ ਬੁਨਿਆਦੀ ਨਿਯਮਾਂ ਤੋਂ ਵੀ ਜਾਣੂ ਕਰਵਾਇਆ ਗਿਆ। ਨੌਜਵਾਨਾਂ ਦੀ ਨਿੱਜੀ ਸੁਰੱਖਿਆ ਅਤੇ ਸਿਹਤ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਕੈਂਪ ‘ਚ ਸੈਲਫ-ਡਿਫੈਂਸ ਦੀ ਸਿਖਲਾਈ ਦੇ ਵਿਸ਼ੇਸ਼ ਸੈਸ਼ਨ ਰੱਖੇ ਗਏ, ਜਿਸ ਨੇ ਭਾਗੀਦਾਰਾਂ ਦੇ ਆਤਮ-ਵਿਸ਼ਵਾਸ ‘ਚ ਵਾਧਾ ਕੀਤਾ। ਇਸ ਤੋਂ ਇਲਾਵਾ ਕੈਂਪ ਦੌਰਾਨ ਰੋਜ਼ਾਨਾ ਯੋਗ ਸੈਸ਼ਨ ਕਰਵਾ ਕੇ ਭਾਗੀਦਾਰਾਂ ਅੰਦਰ ਸਰੀਰਕ ਤੰਦਰੁਸਤੀ, ਮਾਨਸਿਕ ਸਿਹਤ, ਅਨੁਸ਼ਾਸਨ ਅਤੇ ਇਕਾਗਰਤਾ ਨੂੰ ਉਤਸ਼ਾਹਿਤ ਕੀਤਾ ਗਿਆ ਤਾਂ ਜੋ ਉਨ੍ਹਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ‘ਫਾਦਰ ਆਫ਼ ਐਜ਼ੂਕੇਸ਼ਨ’ ਦੇ ਕੌਮਾਂਤਰੀ ਐਵਾਰਡ ਨਾਲ ਨਿਵਾਜੇ ਗਏ ਸੀ. ਜੀ. ਸੀ. ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਛਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ‘ਉਡਾਣ’ ਵਰਗੀਆਂ ਪਹਿਲਕਦਮੀਆਂ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੀ ਸਮਾਜਿਕ ਜ਼ਿੰਮੇਵਾਰੀ ਅਤੇ ਸਮਾਵੇਸ਼ੀ ਵਿਕਾਸ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਭਵਿੱਖ ‘ਚ ਵੀ ‘ਉਡਾਣ’ ਵਰਗੇ ਕੈਂਪਾਂ ਰਾਹੀਂ ਨੌਜਵਾਨਾਂ ਨੂੰ ਹੁਨਰਮੰਦ ਅਤੇ ਜ਼ਿੰਮੇਵਾਰ ਨਾਗਰਿਕ ਬਣਾ ਕੇ ਸਮਾਜ ‘ਚ ਸਕਾਰਾਤਮਕ ਬਦਲਾਅ ਲਿਆਉਣ ਲਈ ਯਤਨਸ਼ੀਲ ਰਹੇਗੀ। ਕੈਂਪ ਦੀ ਸਮਾਪਤੀ ਮੌਕੇ ਨੌਜਵਾਨਾਂ ਨੇ ਇਸ ਸੁਨਹਿਰੀ ਮੌਕੇ ਲਈ ਮੈਨੇਜਮੈਂਟ ਦਾ ਵਿਸ਼ੇਸ਼ ਧੰਨਵਾਦ ਕੀਤਾ।