ਲਾਲੜੂ, 26 ਜੂਨ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਲਾਲੜੂ ਨੇੜੇ ਸੜਕ ਕਿਨਾਰੇ ਖੜ੍ਹੇ ਘਰੇਲੂ ਗੈਸ ਸਿਲੰਡਰਾਂ ਨਾਲ ਲੱਦੇ ਇਕ ਟਾਟਾ ਕਮਰਸ਼ੀਅਲ ਵਾਹਨ ਦੇ ਕੈਬਿਨ ’ਚੋਂ ਡਰਾਈਵਰ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਡਰਾਈਵਰ ਦੀ ਲਾਸ਼ ਕਰੀਬ ਦੋ ਦਿਨ ਤੱਕ ਤੇਜ਼ ਧੁੱਪ ਅਤੇ ਗਰਮੀ ’ਚ ਕੈਬਿਨ ਅੰਦਰ ਹੀ ਪਈ ਰਹੀ। ਇਸ ਘਟਨਾ ਦਾ ਖੁਲਾਸਾ ਉਸ ਵੇਲੇ ਹੋਇਆ, ਜਦੋਂ ਫ਼ੋਨ ਨਾ ਚੁੱਕਣ ਕਾਰਨ ਟਰਾਂਸਪੋਰਟ ਕੰਪਨੀ ਦੇ ਹੋਰ ਡਰਾਈਵਰਾਂ ਨੇ ਵਾਹਨ ਦੀ ਲੋਕੇਸ਼ਨ ਟਰੇਸ ਕਰਕੇ ਉਸ ਨੂੰ ਲੱਭਿਆ। ਮ੍ਰਿਤਕ ਦੀ ਪਛਾਣ ਸੁਮਨ ਮੰਡਲ (48) ਪੁੱਤਰ ਜਨੇਸ਼ਵਰ ਮੰਡਲ ਵਾਸੀ ਪਿੰਡ ਰਗਰਪੁਰਾ ਜ਼ਿਲ੍ਹਾ ਸੀਤਾਮੜ੍ਹੀ (ਬਿਹਾਰ) ਵਜੋਂ ਹੋਈ ਹੈ। ਉਹ ਆਪਣੇ ਪਰਿਵਾਰ ਸਮੇਤ ਲਾਲੜੂ ਨੇੜੇ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਇਸ ਮਾਮਲੇ ਦੀ ਮੁੱਢਲੀ ਜਾਂਚ ਵਿਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੈਬਿਨ ’ਚ ਸੁੱਤੇ ਹੋਏ ਉਸ ਨੂੰ ਦਿਲ ਦਾ ਦੌਰਾ ਜਾਂ ਹੋਰ ਕੋਈ ਅਚਾਨਕ ਸਿਹਤ ਸੰਬੰਧੀ ਸਮੱਸਿਆ ਆ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੁਮਨ ਮੰਡਲ ਪਿੰਡ ਡੇਹਰ ਨੇੜੇ ਵਿਕਾਸ ਪੈਟਰੋਲ ਪੰਪ ਕੋਲ ਬਲਵਿੰਦਰ ਕੁਮਾਰ ਕਾਲਾ ਦੇ ਮਕਾਨ ’ਚ ਪਰਿਵਾਰ ਸਮੇਤ ਕਿਰਾਏ ’ਤੇ ਰਹਿੰਦਾ ਸੀ। ਉਸ ਦੀ ਪਤਨੀ, ਇਕ ਪੁੱਤਰ ਅਤੇ ਇਕ ਧੀ ਪਿੰਡ ਗਏ ਹੋਏ ਸਨ, ਜਦਕਿ ਉਸ ਦੀਆਂ ਦੋ ਧੀਆਂ ਦਾ ਵਿਆਹ ਹੋ ਚੁੱਕਾ ਹੈ। ਸਭ ਤੋਂ ਛੋਟੀ 14 ਸਾਲਾ ਧੀ ਉਸ ਦੇ ਨਾਲ ਰਹਿ ਰਹੀ ਸੀ। ਉਨ੍ਹਾਂ ਦੱਸਿਆ ਕਿ ਸੁਮਨ ਮੰਡਲ ਦਿੱਲੀ ਦੀ ਬਾਬਾ ਟਰਾਂਸਪੋਰਟ ਕੰਪਨੀ ਦੇ ਟਾਟਾ ਵਾਹਨ ’ਤੇ ਡਰਾਈਵਰ ਵਜੋਂ ਕੰਮ ਕਰਦਾ ਸੀ। ਪਰਸੋਂ ਰਾਤ ਉਸ ਨੇ ਭਾਰਤ ਪੈਟਰੋਲੀਅਮ ਦੇ ਗੈਸ ਪਲਾਂਟ ਤੋਂ ਨੂਰਪੁਰ ਬੇਦੀ ਲਈ ਘਰੇਲੂ ਗੈਸ ਸਿਲੰਡਰ ਲੋਡ ਕੀਤੇ ਸਨ। ਉਸ ਦੀ ਧੀ ਨੇ ਦੱਸਿਆ ਕਿ ਰਾਤ ਨੂੰ ਖਾਣਾ ਖਾ ਕੇ ਉਹ ਘਰੋਂ ਡਿਊਟੀ ਲਈ ਨਿਕਲੇ ਸਨ, ਪਰ ਉਸ ਤੋਂ ਬਾਅਦ ਨਾ ਤਾਂ ਉਨ੍ਹਾਂ ਨੇ ਫ਼ੋਨ ਚੁੱਕਿਆ ਅਤੇ ਨਾ ਹੀ ਕਿਸੇ ਨਾਲ ਸੰਪਰਕ ਕੀਤਾ। ਪੁਲਿਸ ਮੁਤਾਬਕ ਸੁਮਨ ਮੰਡਲ ਨੇ ਘਰ ਦੇ ਨੇੜੇ ਜਸ਼ਨ ਪੈਲੇਸ ਕੋਲ ਆਪਣਾ ਵਾਹਨ ਖੜ੍ਹਾ ਕਰਕੇ ਕੈਬਿਨ ’ਚ ਛੋਟਾ ਪੱਖਾ ਲਗਾ ਕੇ ਆਰਾਮ ਕੀਤਾ ਸੀ। ਇਸ ਦੌਰਾਨ ਸੰਭਵ ਤੌਰ ’ਤੇ ਉਹ ਕਿਸੇ ਅਚਾਨਕ ਸਿਹਤ ਸੰਬੰਧੀ ਹਾਦਸੇ ਦਾ ਸ਼ਿਕਾਰ ਹੋ ਗਿਆ। ਕੰਪਨੀ ਦੇ ਹੋਰ ਡਰਾਈਵਰਾਂ ਨੇ ਦੱਸਿਆ ਕਿ ਸੁਮਨ ਪਿਛਲੇ ਕੁਝ ਦਿਨਾਂ ਤੋਂ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕਰ ਰਿਹਾ ਸੀ। ਇਸ ਦੌਰਾਨ ਜਦੋਂ ਸਾਥੀ ਡਰਾਈਵਰ ਮੌਕੇ ’ਤੇ ਪਹੁੰਚੇ ਤਾਂ ਕੈਬਿਨ ਦੇ ਦਰਵਾਜ਼ੇ ਅੰਦਰੋਂ ਬੰਦ ਸਨ। ਚਾਬੀ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਣ ’ਤੇ ਅੰਦਰੋਂ ਸੁਮਨ ਦੀ ਲਾਸ਼ ਮਿਲੀ। ਲਾਲੜੂ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਪਰਿਵਾਰ ਦੇ ਮੈਂਬਰਾਂ ਦੇ ਪਹੁੰਚਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫ਼ਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬੱਸੀ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ।