ਚੰਡੀਗੜ੍ਹ, 27 ਜੂਨ (ਅਜੀਤ ਬਿਊਰੋ) - ਪੰਜਾਬ ਰਾਜ ਖ਼ੁਰਾਕ ਕਮਿਸ਼ਨ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਮਾਹਿਰ ਨਿਪੁੰਨ ਸਿਆਲ ਨਾਲ ਇਕ ਵਿਚਾਰ-ਵਟਾਂਦਰਾ ਸੈਸ਼ਨ ਕੀਤਾ ਗਿਆ, ਜਿਸ ਦਾ ਉਦੇਸ਼ ਇਹ ਪਤਾ ਲਗਾਉਣਾ ਸੀ ਕਿ ਉੱਭਰ ਰਹੀਆਂ ਤਕਨਾਲੋਜੀਆਂ ਪੰਜਾਬ ਵਿੱਚ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ (ਐਨ.ਐਫ.ਐਸ.ਏ), 2013 ਦੇ ਲਾਗੂਕਰਨ ਨੂੰ ਹੋਰ ਪਾਰਦਰਸ਼ੀ, ਕੁਸ਼ਲ ਅਤੇ ਨਾਗਰਿਕ-ਕੇਂਦ੍ਰਿਤ ਕਿਵੇਂ ਬਣਾ ਸਕਦੀਆਂ ਹਨ ਅਤੇ ਕਿਵੇਂ ਇਹ ਕਮਿਸ਼ਨ ਦੇ ਕੰਮਕਾਜ ਵਿਚ ਸਹਾਇਤਾ ਕਰ ਸਕਦੀਆਂ ਹਨ। ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਕਮਿਸ਼ਨ ਐਨ.ਐਫ.ਐਸ.ਏ. ਦੇ ਲਾਗੂਕਰਨ ਦੀ ਨਿਗਰਾਨੀ ਕਰਨ, ਸ਼ਿਕਾਇਤਾਂ ਦੀ ਸਮੀਖਿਆ ਕਰਨ ਅਤੇ ਨੀਤੀਗਤ ਸੁਧਾਰਾਂ ਲਈ ਰਾਜ ਸਰਕਾਰ ਨੂੰ ਸਲਾਹ ਦੇਣ ਦਾ ਕੰਮ ਕਰਦਾ ਹੈ। ਕਮਿਸ਼ਨ ਨੂੰ ਸੰਬੋਧਨ ਕਰਦਿਆਂ ਨਿਪੁੰਨ ਸਿਆਲ ਨੇ ਉਨ੍ਹਾਂ ਖ਼ਾਸ ਖੇਤਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਿੱਥੇ ਏ.ਆਈ. ਕਮਿਸ਼ਨ ਦੇ ਕੰਮਕਾਜ ਵਿਚ ਸਹਾਇਤਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਏ.ਆਈ.-ਸਮਰੱਥ ਐਨਾਲਿਟਿਕਸ ਰੋਜ਼ਾਨਾ ਅਧਾਰ ’ਤੇ ਐਫ.ਪੀ.ਐਸ. ਲੈਵਲ ਈ-ਪੋਸ ਟਰਾਂਜੈਕਸ਼ਨ ਡੇਟਾ ਦੀ ਜਾਂਚ ਕਰ ਸਕਦੇ ਹਨ ਤਾਂ ਜੋ ਅਸਧਾਰਨ ਪੈਟਰਨਾਂ ਜਿਵੇਂ ਕਿ ਘੱਟ ਸਪਲਾਈ, ਬੰਦ ਪਏ ਰਾਸ਼ਨ ਡਿਪੂਆਂ, ਜਾਂ ਅਲਾਟ ਕੀਤੇ ਗਏ ਅਤੇ ਵੰਡੇ ਗਏ ਅਨਾਜ ਵਿਚਕਾਰ ਅੰਤਰ ਦੀ ਪਛਾਣ ਕੀਤੀ ਜਾ ਸਕੇ। ਇਸ ਨਾਲ ਕਮਿਸ਼ਨ ਨੂੰ ਸਮੱਸਿਆਵਾਂ ਦਾ ਜਲਦੀ ਪਤਾ ਲਗਾਉਣ ਅਤੇ ਸਮੇਂ ਸਿਰ ਸੁਧਾਰਾਤਮਕ ਕਾਰਵਾਈ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਮਸ਼ੀਨ ਲਰਨਿੰਗ ਮਾਡਲ ਪ੍ਰਮਾਣਿਤ ਡੇਟਾਸੈੱਟਾਂ ਨਾਲ ਸੁਰੱਖਿਅਤ ਕਰਾਸ-ਰੈਫਰੈਂਸਿੰਗ ਰਾਹੀਂ ਸੰਭਾਵਿਤ ਡੁਪਲੀਕੇਟ ਐਂਟਰੀਆਂ, ਗ਼ਲਤ ਭਰੇ ਤੇ ਭਰਨ ਤੋਂ ਰਹਿ ਗਏ ਵੇਰਵਿਆਂ ਦੀਆਂ ਗ਼ਲਤੀਆਂ ਦਾ ਪਤਾ ਲਗਾ ਕੇ ਲਾਭਪਾਤਰੀਆਂ ਦੇ ਡੇਟਾ ਦੀ ਸ਼ੁੱਧਤਾ ਨੂੰ ਸੁਧਾਰਨ ਵਿਚ ਮਦਦ ਕਰ ਸਕਦੇ ਹਨ।ਸ਼ਿਕਾਇਤ ਨਿਵਾਰਨ ਲਈ ਏ.ਆਈ.-ਸੰਚਾਲਿਤ ਬਹੁ-ਭਾਸ਼ਾਈ ਚੈਟਬੋਟਸ ਤੇ ਪੰਜਾਬੀ ਵਿਚ ਵੌਇਸ ਅਸਿਸਟੈਂਟ 24 ਘੰਟੇ (ਚੌਵੀ ਘੰਟੇ) ਸ਼ਿਕਾਇਤ ਦਰਜ ਕਰਨ ਦੀ ਸਹੂਲਤ ਪ੍ਰਦਾਨ ਕਰ ਸਕਦੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ, ਵਿਜੇ ਦੱਤ, ਚੇਤਨ ਪ੍ਰਕਾਸ਼ ਧਾਲੀਵਾਲ ਅਤੇ ਮੈਂਬਰ ਸਕੱਤਰ ਕਨੂ ਥਿੰਦ ਵੀ ਹਾਜ਼ਰ ਸਨ।