ਚੰਡੀਗੜ੍ਹ, 27 ਜੂਨ (ਕਪਿਲ ਵਧਵਾ)- ਸੈਕਟਰ-11 ਵਿਚ ਸ਼੍ਰੀ ਕੁਮਾਰ ਮੈਡੀਕਲ ਹਾਲ ਦੇ ਕੈਸ਼ੀਅਰ ਜਾਨਕੀ ਦਾਸ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਭਾਵੇਂ ਦੋਵੇਂ ਕਥਿਤ ਸ਼ੂਟਰ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਕੇ ਪੁਲਿਸ ਦੀ ਗ੍ਰਿਫ਼ਤ ਵਿਚ ਹਨ ਪਰ ਉਨ੍ਹਾਂ ਦੇ ਹਸਪਤਾਲ ਵਿਚ ਦਾਖ਼ਲ ਹੋਣ ਕਾਰਨ ਜਾਂਚ ਦੀ ਰਫ਼ਤਾਰ ਮੱਠੀ ਪੈ ਗਈ ਹੈ। ਦੂਜੇ ਪਾਸੇ ਜੰਮੂ-ਕਸ਼ਮੀਰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਮਿਤ ਦਾ ਰਿਮਾਂਡ ਵੀ ਵਧ ਗਿਆ ਹੈ ਜਿਸ ਕਾਰਨ ਮਾਮਲੇ ਦੀ ਜਾਂਚ ਹੋਰ ਅੱਗੇ ਖਿਸਕਦੀ ਨਜ਼ਰ ਆ ਰਹੀ ਹੈ। ਸੂਤਰਾਂ ਅਨੁਸਾਰ ਜਾਨਕੀ ਦਾਸ ਦੇ ਪਰਿਵਾਰ ਨੂੰ ਇਸ ਗੱਲ ਨਾਲ ਕੁੱਝ ਹੱਦ ਤੱਕ ਤਸੱਲੀ ਜ਼ਰੂਰ ਮਿਲੀ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਸ਼ੂਟਰ ਪੁਲਿਸ ਕਾਰਵਾਈ ਦੌਰਾਨ ਜ਼ਖ਼ਮੀ ਹੋ ਕੇ ਕਾਨੂੰਨ ਦੇ ਸ਼ਿਕੰਜੇ ਵਿਚ ਆ ਚੁੱਕੇ ਹਨ। ਹਾਲਾਂਕਿ, ਇਸ ਸਨਸਨੀਖੇਜ਼ ਮਾਮਲੇ ਪਿੱਛੇ ਕਥਿਤ ਤੌਰ ’ਤੇ ਚੱਲ ਰਹੇ ਵੱਡੇ ਫਿਰੌਤੀ ਅਤੇ ਦਹਿਸ਼ਤ ਫੈਲਾਉਣ ਵਾਲੇ ਨੈੱਟਵਰਕ ਦਾ ਪਰਦਾਫ਼ਾਸ਼ ਅਜੇ ਹੋਣਾ ਬਾਕੀ ਹੈ। ਗੌਰਤਲਬ ਹੈ ਕਿ 13 ਜੂਨ ਨੂੰ ਸੈਕਟਰ-11 ਸਥਿਤ ਸ਼੍ਰੀ ਕੁਮਾਰ ਮੈਡੀਕਲ ਹਾਲ ਦੇ ਕੈਸ਼ੀਅਰ ਜਾਨਕੀ ਦਾਸ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਸੂਤਰਾਂ ਅਨੁਸਾਰ ਗੈਂਗਸਟਰ ਗੋਲਡੀ ਢਿੱਲੋਂ ਦੇ ਕਥਿਤ ਹੁਕਮਾਂ ’ਤੇ ਸ਼ੂਟਰਾਂ ਦਾ ਅਸਲ ਨਿਸ਼ਾਨਾ ਇਕ ਮੈਡੀਕਲ ਸਟੋਰ ਦਾ ਮਾਲਕ ਸੀ, ਜੋ ਐਨਕਾਂ ਲਗਾਉਂਦਾ ਹੈ ਪਰ ਗਲਤ ਪਛਾਣ ਕਾਰਨ ਜਾਨਕੀ ਦਾਸ ਨੂੰ ਗੋਲੀਆਂ ਦਾ ਸ਼ਿਕਾਰ ਬਣਨਾ ਪਿਆ। ਵਾਰਦਾਤ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਅਤੇ ਹੋਰ ਟੀਮਾਂ ਨੇ ਜੰਮੂ-ਕਸ਼ਮੀਰ ਦੇ ਜੰਗਲੀ ਖੇਤਰ ਵਿਚ ਸਾਂਝਾ ਆਪਰੇਸ਼ਨ ਚਲਾ ਕੇ ਕਥਿਤ ਸ਼ੂਟਰ ਸਨੀ ਮਹਿਰਾ ਅਤੇ ਆਰਿਅਨ ਸ਼ਰਮਾ ਨੂੰ ਕਾਬੂ ਕਰ ਲਿਆ ਸੀ, ਜਿੱਥੇ ਕਿ ਬੀ.ਐਨ.ਐੱਸ.ਐੱਸ ਤਹਿਤ ਦੂਜੇ ਸੂਬੇ ਵਿਚ ਗ੍ਰਿਫਤਾਰ ਕਰਨ ਗਈ ਪੁਲਿਸ ਆਮ ਤੌਰ ਤੇ ਇਲਾਕਾ ਮੈਜਿਸਟਰੇਟ ਅੱਗੇ ਗ੍ਰਿਫਤਾਰ ਮੁਲਜ਼ਮ ਨੂੰ ਪੇਸ਼ ਕਰਕੇ ਟਰਾਂਜਿਟ ਰਿਮਾਂਡ ਹਾਸਲ ਕਰਦੀ ਹੈ ਓਥੇ ਹੀ ਉਕਤ ਮੁਲਜ਼ਮਾਂ ਨੂੰ ਰਾਤੋ ਰਾਤ ਮੌਕੇ ਤੋਂ ਕਈ ਕਿਲੋਮੀਟਰ ਦੂਰ ਚੰਡੀਗੜ੍ਹ ਲਿਜਾਏ ਜਾਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਬਾਅਦ 18 ਜੂਨ ਦੀ ਤੜਕੇ ਕਥਿਤ ਤੌਰ ’ਤੇ ਦੋਵਾਂ ਵਲੋਂ ਭੱਜਣ ਦੀ ਕੋਸ਼ਿਸ਼ ਕਰਨ ’ਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਦੋਵਾਂ ਦੀਆਂ ਲੱਤਾਂ ਵਿਚ ਗੋਲੀਆਂ ਲੱਗੀਆਂ। ਘਟਨਾ ਨੂੰ ਕਰੀਬ ਦਸ ਦਿਨ ਬੀਤ ਚੁੱਕੇ ਹਨ ਤੇ ਦੋਵੇਂ ਮੁਲਜ਼ਮ ਅਜੇ ਵੀ ਹਸਪਤਾਲ ਵਿਚ ਇਲਾਜ ਅਧੀਨ ਹਨ। ਸੂਤਰਾਂ ਮੁਤਾਬਕ ਡਾਕਟਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੰਦਰੁਸਤ ਹੋਣ ਲਈ ਹੋਰ ਇਕ ਤੋਂ ਦੋ ਹਫ਼ਤੇ ਹਸਪਤਾਲ ਵਿਚ ਰਹਿਣਾ ਪੈ ਸਕਦਾ ਹੈ। ਇਸ ਤੋਂ ਬਾਅਦ ਹੀ ਪੁਲਿਸ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਲਿਜਾ ਕੇ ਨਿਸ਼ਾਨਦੇਹੀ ਕਰਵਾਉਣ ਤੇ ਮਾਮਲੇ ਨਾਲ ਜੁੜੇ ਹੋਰ ਸਬੂਤ ਇਕੱਠੇ ਕਰਨ ਦੀ ਕਾਰਵਾਈ ਅੱਗੇ ਵਧਾ ਸਕੇਗੀ। ਜਾਂਚ ਨਾਲ ਜੁੜੇ ਇਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਮੁਖ ਮੁਲਜ਼ਮਾਂ ਦੀ ਸਿਹਤ ਕਾਰਨ ਪੈਦਾ ਹੋਈ ਦੇਰੀ ਦਾ ਸਿੱਧਾ ਅਸਰ ਜਾਂਚ ਦੀ ਪ੍ਰਗਤੀ ’ਤੇ ਪੈ ਰਿਹਾ ਹੈ। ਇਸ ਦੇ ਨਾਲ ਹੀ ਦੋਨਾਂ ਮੁਲਜ਼ਮਾਂ ਤੇ 24 ਘੰਟੇ ਪਹਿਰਾ ਵੀ ਰੱਖਣਾ ਪੈ ਰਿਹਾ ਹੈ। ਵਾਰਦਾਤ ਤੋਂ ਲਗਭਗ ਇਕ ਮਹੀਨਾ ਪੂਰਾ ਹੋਣ ਵਾਲਾ ਹੈ ਪਰ ਅਜੇ ਵੀ ਇਸ ਮਾਮਲੇ ਨਾਲ ਜੁੜੇ ਕਈ ਅਹਿਮ ਸਵਾਲਾਂ ਦੇ ਜਵਾਬ ਅਤੇ ਕਥਿਤ ਫਿਰੌਤੀ ਨੈੱਟਵਰਕ ਦੇ ਪੂਰੇ ਖੁਲਾਸੇ ਦੀ ਉਡੀਕ ਕੀਤੀ ਜਾ ਰਹੀ ਹੈ।