ਚੰਡੀਗੜ੍ਹ, 30 ਜੂਨ (ਸੁਖਵਿੰਦਰ ਸਿੰਘ ਸ਼ਾਨ)- ‘ਇੰਦਰਜੀਤ ਜੀ ਨੇ ਪੂਰੇ ਚੰਡੀਗੜ੍ਹ ਨੂੰ ਸਾਫ਼ ਕਰ ਦਿੱਤਾ ਹੈ’ ਜਦੋਂ ਇਹ ਸ਼ਬਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰਮਜੋਸ਼ੀ ਨਾਲ ਬੋਲੇ ਤਾਂ ਮੇਰਾ ਮਨੋਬਲ ਬਹੁਤ ਵਧ ਗਿਆ। ਇਹ ਪ੍ਰਗਟਾਵਾ ਪਦਮ ਸ਼੍ਰੀ ਅਤੇ ਸਫ਼ਾਈ ਦੂਤ ਇੰਦਰਜੀਤ ਸਿੰਘ ਸਿੱਧੂ ਨੇ ਚੰਡੀਗੜ੍ਹ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ, ਪ੍ਰਸਿੱਧ ਹਸਤੀਆਂ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕਰਨ ਕੀਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੇ। ਉਨ੍ਹਾਂ ਅੱਗੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਇੱਕ ਯਾਦਗਾਰੀ ਪਲ ਹੈ, ਜੋ ਹਮੇਸ਼ਾ ਯਾਦ ਰਹੇਗਾ। ਦੱਸਣਯੋਗ ਹੈ ਕਿ ਸਾਬਕਾ ਆਈ.ਪੀ.ਐਸ ਅਧਿਕਾਰੀ ਅਤੇ ਚੰਡੀਗੜ੍ਹ ਦੇ ਵਸਨੀਕ ਇੰਦਰਜੀਤ ਸਿੰਘ ਸਿੱਧੂ ਨੂੰ ਬੀਤੇ ਦਿਨੀਂ ਰਾਸ਼ਟਰਪਤੀ ਵੱਲੋਂ ਵਕਾਰੀ ਸਨਮਾਨ ਪਦਮ ਸ਼੍ਰੀ ਦੇ ਕੇ ਨਿਵਾਜਿਆ ਗਿਆ ਹੈ, ਕਿਉਂਕਿ ਉਨ੍ਹਾਂ ਨੇ ਸੀਨੀਅਰ ਸਿਟੀਜ਼ਨ ਅਤੇ ਉੱਚ ਅਧਿਕਾਰੀ ਹੋਣ ਦੇ ਬਾਵਜੂਦ ਝਾੜੂ ਚੁੱਕ ਕੇ ਸਾਫ਼ ਸਫ਼ਾਈ ਕਰਨ ਦਾ ਉੱਦਮ ਕੀਤਾ ਹੈ। ਸੈਕਟਰ 49 ਵਿਚ ਕਰਵਾਏ ਸਮਾਗਮ ਦੌਰਾਨ ਸ਼ਹਿਰ ਵਾਸੀਆਂ ਵਿਚ ਪਦਮ ਸ੍ਰੀ ਇੰਦਰਜੀਤ ਸਿੰਘ ਸਿੱਧੂ ਨੂੰ ਸਨਮਾਨਿਤ ਕਰਨ ਲਈ ਉਚੇਚਾ ਉਤਸ਼ਾਹ ਦੇਖਿਆ ਗਿਆ ਅਤੇ ਹਰ ਵਿਅਕਤੀ ਉਨ੍ਹਾਂ ਨੂੰ ਸਿਰੋਪਾ, ਗੁਲਦਸਤਾ ਅਤੇ ਮਿਠਾਈ ਭੇਂਟ ਕਰਕੇ ਵਧਾਈਆਂ ਦੇ ਰਿਹਾ ਸੀ। ਆਪਣੇ ਸਫ਼ਰ ਦੇ ਬਾਰੇ ਗੱਲ ਕਰਦਿਆਂ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਗ਼ਲੀਆਂ ਸਾਫ਼ ਕਰਦੇ ਸਨ, ਤਾਂ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ। ਲੋਕ ਤਾਅਨੇ ਮਾਰਦੇ ਰਹੇ, ਪਰ ਉਨ੍ਹਾਂ ਕਦੇ ਪ੍ਰਵਾਹ ਨਹੀਂ ਕੀਤੀ ਅਤੇ ਆਪਣਾ ਮਿਸ਼ਨ ਜਾਰੀ ਰੱਖਿਆ। ਜਿਸ ਕਰਕੇ ਅੱਜ ਉਨ੍ਹਾਂ (ਇੰਦਰਜੀਤ ਸਿੰਘ) ਨੂੰ ਨਿਰਸਵਾਰਥ ਸੇਵਾ ਦਾ ਫ਼ਲ ਮਿਲੀ ਹੈ।ਸਨਮਾਨ ਸਮਾਰੋਹ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਅਮਿਤ ਰਾਣਾ ਨੇ ਸਰਦਾਰ ਇੰਦਰਜੀਤ ਸਿੰਘ ਸਿੱਧੂ ਦੀ ਭਾਵਨਾ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਉਹ ਹੁਣ ਨਾ ਸਿਰਫ਼ ਚੰਡੀਗੜ੍ਹ ਲਈ, ਸਗੋਂ ਪੂਰੇ ਦੇਸ਼ ਲਈ ਸਫਾਈ ਦੇ ਸੱਚੇ ਬਰਾਂਡ ਅੰਬੈਸਡਰ ਹਨ। ਸ੍ਰੀ ਰਾਣਾ ਨੇ ਦੱਸਿਆ ਕਿ ਭਾਵੇਂ 44-45 ਡਿਗਰੀ ਗਰਮੀ ਹੋਵੇ, ਕੜਾਕੇਦਾਰ ਸਰਦੀ ਹੋਵੇ ਜਾਂ ਦੇਰ ਰਾਤ ਹੋਵੇ ਇੰਦਰਜੀਤ ਸਿੰਘ ਸਿੱਧੂ ਨੇ ਹਮੇਸ਼ਾ ਸਫ਼ਾਈ ਲਈ ਸ਼ਲਾਘਾਯੋਗ ਕੰਮ ਕੀਤਾ ਹੈ। ਸਰਦਾਰ ਸਿੱਧੂ ਨੂੰ ਪਦਮ ਸ਼੍ਰੀ ਸਨਮਾਨ ਮਿਲਣ ’ਤੇ ਪੂਰਾ ਚੰਡੀਗੜ੍ਹ ਭਾਈਚਾਰਾ ਉਨ੍ਹਾਂ ਨੂੰ ਇਸ ਸਨਮਾਨ ਲਈ ਦਿਲੋਂ ਵਧਾਈ ਦਿੰਦਾ ਹੈ। ਐਡਵੋਕੇਟ ਗੌਰਵ ਗੋਇਲ ਨੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਕਿਹਾ, ‘ਜਦੋਂ ਮੈਂ ਸਿੱਧੂ ਜੀ ਦੇ ਕੰਮ ਦੀ ਵੀਡੀਓ ਬਣਾਈ ਸੀ, ਤਾਂ ਮੈਨੂੰ ਉਮੀਦ ਨਹੀਂ ਸੀ ਕਿ ਇਹ ਇੰਨਾ ਜ਼ਿਆਦਾ ਟਰੈਂਡ ਕਰੇਗੀ, ਸਰਕਾਰ ਦੇ ਉੱਚੇ ਅਹੁਦਿਆਂ ਤੱਕ ਪਹੁੰਚੇਗੀ ਅਤੇ ਸਰਕਾਰ ਉਨ੍ਹਾਂ ਨੂੰ ਇੰਨਾ ਮਹੱਤਵਪੂਰਨ ਸਨਮਾਨ ਦੇਵੇਗੀ। ਇਹ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਇੱਕ ਸੱਚੇ ਕਰਮਯੋਗੀ ਦੀ ਜਿੱਤ ਹੈ।’ ਪਦਮ ਸ਼੍ਰੀ ਇੰਦਰਜੀਤ ਸਿੰਘ ਸਿੱਧੂ ਦਾ ਸਨਮਾਨ ਕਰਨ ਅਤੇ ਧੰਨਵਾਦ ਕਰਨ ਲਈ ਗਣੇਸ਼ ਝਾਅ, ਸ਼ੀਨੂ ਅਗਰਵਾਲ, ਵਿਜੇ ਬਾਲੀ, ਰੋਹਿਤ ਸ਼ਰਮਾ, ਸੁਸ਼ੀਲ ਅਗਰਵਾਲ, ਵਾਗੀਸ਼ ਦੀਕਸ਼ਿਤ, ਅਸ਼ਵਨੀ ਸ਼ਰਮਾ, ਮਹਿੰਦਰ ਨਿਰਾਲਾ, ਵਿਸ਼ਾਲ, ਗਗਨ ਜਿੰਦਲ, ਵਰਿੰਦਰ ਸਮੇਤ ਵੱਡੀ ਗਿਣਤੀ ਵਿਚ ਸਮਾਜਿਕ ਸੰਗਠਨਾਂ ਦੇ ਮੈਂਬਰ ਅਤੇ ਸਥਾਨਕ ਨਿਵਾਸੀ ਹਾਜ਼ਰ ਸਨ।