ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਚੰਡੀਗੜ੍ਹ ਦੇ 13 ਸਕੂਲਾਂ ਤੇ ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਭੇਜੀ ਧਮਕੀ ਭਰੀ ਈ-ਮੇਲ

Ad Position 21
No active advertisement
ਅਜੀਤ ਡੈਸਕ 02-07-2026
ਚੰਡੀਗੜ੍ਹ, 1 ਜੁਲਾਈ (ਕਪਿਲ ਵਧਵਾ)–ਯੂ. ਟੀ. ਚੰਡੀਗੜ੍ਹ ਦੇ ਕਈ ਨਿੱਜੀ ਅਤੇ ਸਰਕਾਰੀ ਸਕੂਲਾਂ ਸਮੇਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦਫ਼ਤਰ ਨੂੰ ਅੱਜ ਸਵੇਰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਚੰਡੀਗੜ੍ਹ ਅਤੇ ਹਰਿਆਣਾ ਦੀਆਂ ਸੁਰੱਖਿਆ ਏਜੰਸੀਆਂ ਵਿਚ ਹਰਕਤ ਵਿਚ ਆ ਗਈਆਂ। ਜਾਣਕਾਰੀ ਅਨੁਸਾਰ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਬੁੱਧਵਾਰ ਨੂੰ ਸਭ ਤੋਂ ਪਹਿਲਾਂ ਸੈਕਟਰ-31 ਸਥਿਤ ਏਅਰ ਫੋਰਸ ਸਕੂਲ ਨੂੰ ਧਮਕੀ ਭਰੀ ਈ-ਮੇਲ ਪ੍ਰਾਪਤ ਹੋਈ। ਇਸ ਤੋਂ ਬਾਅਦ ਸੈਕਟਰ-37ਬੀ ਅਤੇ 37ਡੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-38 ਦੇ ਵਿਵੇਕ ਹਾਈ ਸਕੂਲ, ਸੈਕਟਰ-26 ਦੇ ਸੈਕਰਡ ਹਾਰਟ ਸਕੂਲ, ਸਟਰਾਬੈਰੀ ਫੀਲਡਜ਼ ਹਾਈ ਸਕੂਲ, ਸੈਕਟਰ-40 ਦੇ ਡੀ.ਪੀ.ਐੱਸ. ਅਤੇ ਸੈਕਟਰ-9 ਦੇ ਕਾਰਮਲ ਕਾਨਵੈਂਟ ਸਕੂਲ ਦੇ ਨਾਲ ਨਾਲ ਕੁੱਲ 13 ਸਕੂਲਾਂ ਜਿਨ੍ਹਾਂ ਵਿਚ 6 ਨਿੱਜੀ ਅਤੇ 7 ਸਰਕਾਰੀ ਸਕੂਲ ਸ਼ਾਮਿਲ ਹਨ ਨੂੰ ਧਮਕੀ ਭਰੀਆਂ ਈ-ਮੇਲਾਂ ਮਿਲਣ ਦੀ ਸੂਚਨਾ ਆਈ। ਚੰਡੀਗੜ੍ਹ ਪੁਲਿਸ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸਕੂਲਾਂ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ ਵਿਖੇ ਬੰਬ ਨਾਲ ਉਡਾਉਣ ਦੀ ਧਮਕੀ ਪ੍ਰਾਪਤ ਹੋਈ। ਉਕਤ ਈ-ਮੇਲ ਜਿਸ ਵਿਚ ਖ਼ਾਲਿਸਤਾਨ ਨੈਸ਼ਨਲ ਆਰਮੀ ਵਲੋਂ ਕਥਿਤ ਤੌਰ ’ਤੇ ਦਾਅਵਾ ਕੀਤਾ ਗਿਆ ਕਿ ਚੰਡੀਗੜ੍ਹ ਦੇ ਸਕੂਲਾਂ ਵਿਚ ਦੁਪਹਿਰ 1:11 ਵਜੇ ਅਤੇ ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ ਵਿਚ ਦੁਪਹਿਰ 3:11 ਵਜੇ ਬੰਬ ਧਮਾਕੇ ਕੀਤੇ ਜਾਣਗੇ ਦੀ ਪੁਸ਼ਟੀ ਅਦਾਰਾ ‘ਅਜੀਤ’ ਨਹੀਂ ਕਰਦਾ। ਧਮਕੀ ਵਾਲੀ ਈ-ਮੇਲ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਵੀ ਨਿਸ਼ਾਨਾ ਬਣਾਉਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੇਲਵੇ ਟਰੈਕਾਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਦਾਅਵਾ ਕਰਦੇ ਹੋਏ ਲੋਕਾਂ ਨੂੰ ਰੇਲ ਯਾਤਰਾ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਈ-ਮੇਲ ਵਿਚ 15 ਅਗਸਤ ਨੂੰ ਆਪਣੇ ਬੱਚਿਆਂ ਨੂੰ ਪਰੇਡ ਸਮਾਗਮਾਂ ਵਿਚ ਨਾ ਭੇਜਣ ਦੀ ਗੱਲ ਕਹੀ ਗਈ। ਧਮਕੀ ਮਿਲਣ ਮਗਰੋਂ ਬਾਰਿਸ਼ ਵਿਚ ਚੰਡੀਗੜ੍ਹ ਪੁਲਿਸ, ਬੰਬ ਨਿਰੋਧਕ ਦਸਤੇ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਪ੍ਰਭਾਵਿਤ ਸਕੂਲਾਂ ਅਤੇ ਸੰਵੇਦਨਸ਼ੀਲ ਥਾਵਾਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਧਮਕੀ ਭੇਜਣ ਵਾਲੇ ਈ-ਮੇਲ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ। ਤਲਾਸ਼ੀ ਅਭਿਆਨ ਉਪਰੰਤ ਕਿਸੇ ਵੀ ਥਾਂ ਤੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਦੱਸ ਦਈਏ ਕਿ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਚੰਡੀਗੜ੍ਹ ਵਿਖੇ ਕੁਝ ਸਕੂਲ 1 ਜੁਲਾਈ ਤੋਂ ਖੁੱਲ੍ਹੇ ਹਨ ਅਤੇ ਬਾਕੀ ਸਕੂਲਾਂ ਨੇ 6 ਜੁਲਾਈ ਤੋਂ ਖੁੱਲ੍ਹਣਾ ਸੀ। ਹਾਲਾਂਕਿ ਇਸੇ ਦੌਰਾਨ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘੱਟ ਅਤੇ ਸਕੂਲ ਦੇ ਸਟਾਫ਼ ਦੀ ਗਿਣਤੀ ਵੱਧ ਦੇਖਣ ਨੂੰ ਮਿਲੀ। ਇਸ ਮਾਮਲੇ ਸਬੰਧੀ ਇਕ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਕਿ 21 ਮਈ ਨੂੰ ਵੀ ਇਸੇ ਤਰ੍ਹਾਂ ਦੀ ਹੀ ਇਕ ਧਮਕੀ ਭਰੀ ਈ-ਮੇਲ ਭੇਜੀ ਗਈ ਸੀ, ਜਿਸ ਵਿਚ ਸਕੂਲਾਂ ਤੇ ਹਰਿਆਣਾ ਮੁਖ ਮੰਤਰੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ, ਪਰ ਇਸ ਵਾਰ 15 ਅਗਸਤ ਬਾਰੇ ਵੀ ਲਿਖਿਆ ਗਿਆ। ਉਕਤ ਮਾਮਲੇ ਵਿਚ ਚੰਡੀਗੜ੍ਹ ਦੇ ਥਾਣਾ ਸੈਕਟਰ 26 ਵਿਖੇ ਐਫ.ਆਈ.ਆਰ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਪੀ. ਯੂ. ਨੇ ਪੁਲਿਸ ਪ੍ਰਸ਼ਾਸਨ ਦੇ ਵਿਦਿਆਰਥੀਆਂ ਲਈ ਚੰਡੀਗੜ੍ਹ ਪੁਲਿਸ ਨਾਲ ਇੰਟਰਨਸ਼ਿਪ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਬਲੱਡ ਬੈਂਕ ਫਗਵਾੜਾ ’ਚ ਲਗਾਇਆ ਦੰਦਾਂ ਤੇ ਜਬਾੜ੍ਹਿਆਂ ਦਾ 479ਵਾਂ ਕੈਂਪ
Ad Position 24
No active advertisement