ਚੰਡੀਗੜ੍ਹ, 1 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਂਟਰ ਫ਼ਾਰ ਪੁਲਿਸ ਐਡਮਿਨਿਸਟਰੇਸ਼ਨ ਦੇ ਵਿਦਿਆਰਥੀਆਂ ਲਈ ਤਿੰਨ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਚੰਡੀਗੜ੍ਹ ਪੁਲਿਸ ਦੇ ਰਿਕਰੂਟ ਟਰੇਨਿੰਗ ਸੈਂਟਰ ਵਿਖੇ ਸ਼ੁਰੂ ਹੋ ਗਿਆ ਹੈ। ਉਦਘਾਟਨੀ ਸੈਸ਼ਨ ਨੂੰ ਡਾ. ਕੁਲਦੀਪ ਸਿੰਘ ਚੇਅਰਪਰਸਨ ਸੈਂਟਰ ਫਾਰ ਪੁਲਿਸ ਐਡਮਿਨਿਸਟਰੇਸ਼ਨ ਪੀ.ਯੂ ਅਤੇ ਅਮਰਾਓ ਸਿੰਘ ਡਿਪਟੀ ਸੁਪਰਡੈਂਟ ਆਫ਼ ਪੁਲਿਸ ਰਿਕਰੂਟ ਟਰੇਨਿੰਗ ਸੈਂਟਰ ਚੰਡੀਗੜ੍ਹ ਪੁਲਿਸ ਨੇ ਸੰਬੋਧਨ ਕੀਤਾ। ਵਿਦਿਆਰਥੀਆਂ, ਪੁਲਿਸ ਅਧਿਕਾਰੀਆਂ, ਇੰਸਟਰਕਟਰਾਂ ਅਤੇ ਸਟਾਫ਼ ਨੂੰ ਸੰਬੋਧਨ ਕਰਦੇ ਹੋਏ ਡਾ. ਕੁਲਦੀਪ ਸਿੰਘ ਨੇ ਪੁਲਿਸ ਪ੍ਰਸ਼ਾਸਨ ਪ੍ਰੋਗਰਾਮ ਦੇ ਉਦੇਸ਼ਾਂ, ਪਾਠਕ੍ਰਮ ਅਤੇ ਬਹੁ-ਅਨੁਸ਼ਾਸਨੀ ਪ੍ਰਕਿਰਤੀ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਦੇ ਵੱਖ-ਵੱਖ ਪਹਿਲੂਆਂ ’ਤੇ ਚਾਨਣਾ ਪਾਇਆ। ਅਮਰਾਓ ਸਿੰਘ ਡੀ.ਐੱਸ.ਪੀ ਰਿਕਰੂਟ ਟਰੇਨਿੰਗ ਸੈਂਟਰ ਚੰਡੀਗੜ੍ਹ ਪੁਲਿਸ ਨੇ ਹਿੱਸੇਦਾਰਾਂ ਦਾ ਸਵਾਗਤ ਕੀਤਾ ਅਤੇ ਪੁਲਿਸਿੰਗ ਦੀ ਵਿਆਪਕ ਸਮਝ ਵਿਕਸਤ ਕਰਨ ਵਿਚ ਵਿਹਾਰਕ ਸਿਖਲਾਈ ਅਤੇ ਇੰਟਰਨਸ਼ਿਪ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਤਕਨੀਕੀ ਸੈਸ਼ਨਾਂ ਦਾ ਸੰਚਾਲਨ ਇੰਸਪੈਕਟਰ ਪੂਨਮ ਦਿਲਾਵਰੀ ਅਤੇ ਆਰ. ਟੀ. ਸੀ. ਸਿਖਲਾਈ ਸਟਾਫ਼ ਦੁਆਰਾ ਕੀਤਾ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਰਿਕਰੂਟ ਸਿਖਲਾਈ ਕੇਂਦਰ ਦੇ ਇਤਿਹਾਸ, ਸੰਗਠਨ ਤੇ ਕੰਮਕਾਜ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਬਾਰੇ ਇਕ ਦਿਸ਼ਾ-ਨਿਰਦੇਸ਼ ਵੀ ਦਿੱਤਾ। ਜਿਸ ਵਿਚ ਹਿੱਸੇਦਾਰਾਂ ਨੂੰ ਹਾਲ ਹੀ ਦੇ ਕਾਨੂੰਨੀ ਸੁਧਾਰਾਂ ਅਤੇ ਸਮਕਾਲੀ ਪੁਲਿਸਿੰਗ ਵਿਚ ਉਨ੍ਹਾਂ ਦੇ ਲਾਗੂਕਰਨ ਤੋਂ ਜਾਣੂ ਕਰਵਾਇਆ ਗਿਆ। ਡਾ. ਸ਼ਵੇਤਾ ਬੇਗਰਾ, ਡਾ. ਸਤਨਾਮ ਸਿੰਘ, ਡਾ. ਦਲਜੀਤ ਕੌਰ, ਇੰਸਪੈਕਟਰ ਕੁਲਦੀਪ ਸਿੰਘ ਅਤੇ ਇੰਸਪੈਕਟਰ ਸੇਵਾ ਸਿੰਘ ਨੂੰ ਤਿੰਨ ਹਫ਼ਤਿਆਂ ਦੇ ਇੰਟਰਨਸ਼ਿਪ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ ਤਾਲਮੇਲ, ਨਿਗਰਾਨੀ ਤੇ ਸਲਾਹ ਲਈ ਨਿਯੁਕਤ ਕੀਤਾ ਗਿਆ ਹੈ।