ਚੰਡੀਗੜ੍ਹ, 7 ਜੁਲਾਈ, (ਅਜੀਤ ਬਿਊਰੋ)- ਪੀ. ਸੀ. ਐੱਸ. (ਸੇਵਾ ਮੁਕਤ) ਐਸੋਸੀਏਸ਼ਨ ਦੇ ਅਧਿਕਾਰਤ ਮੈਗਜ਼ੀਨ ‘ਦਿ ਗੋਲਡਨ ਐਰਾ’ ਦਾ ਤੀਜਾ ਐਡੀਸ਼ਨ ਅੱਜ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਲੋਂ ਅੱਜ ਲੋਕ ਭਵਨ ਵਿਖੇ ਲੋਕ ਅਰਪਣ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਸੀ.ਐੱਸ. (ਸੇਵਾ ਮੁਕਤ) ਐਸੋਸੀਏਸ਼ਨ ਦੇ ਪ੍ਰਧਾਨ ਅਤੇ ‘ਦੀ ਗੋਲਡਨ ਐਰਾ’ ਦੇ ਸੰਪਾਦਕ ਡਾ. ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਇਹ ਮੈਗਜ਼ੀਨ ਸੇਵਾਮੁਕਤ ਪੀ.ਸੀ.ਐੱਸ. ਅਧਿਕਾਰੀਆਂ ਦੀਆਂ ਪ੍ਰਾਪਤੀਆਂ ਅਤੇ ਸਫ਼ਲਤਾ ਦੀਆਂ ਕਹਾਣੀਆਂ ਨੂੰ ਦਰਸਾਉਂਦਾ ਹੈ ਅਤੇ ਸਮਾਜ ਸੇਵਾ, ਲੋਕ ਭਲਾਈ ਅਤੇ ਸਮਾਜ ਦੇ ਭਲੇ ਲਈ ਵੱਖ-ਵੱਖ ਉਪਰਾਲਿਆਂ ਵਿੱਚ ਉਨ੍ਹਾਂ ਦੇ ਨਿਰੰਤਰ ਯੋਗਦਾਨ ਨੂੰ ਉਜਾਗਰ ਕਰਦਾ ਹੈ। ਇਸ ਮੌਕੇ ਪੰਜਾਬ ਦੇ ਰਾਜਪਾਲ ਨੇ ਸਮਾਜਿਕ ਭਲਾਈ ਨੂੰ ਹੁਲਾਰਾ ਦੇਣ, ਸੇਵਾਮੁਕਤ ਸਿਵਲ ਅਧਿਕਾਰੀਆਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਉਨ੍ਹਾਂ ਨੂੰ ਦੇਸ਼ ਨਿਰਮਾਣ ਤੇ ਸਮਾਜ ਸੇਵਾ ਵਿਚ ਸਰਗਰਮੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਨ ਵਾਸਤੇ ਪੀ.ਸੀ.ਐੱਸ. (ਰਿਟਾਇਰਡ) ਐਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਉਕਤ ਤੋਂ ਇਲਾਵਾ ਐਸੋਸੀਏਸ਼ਨ ਦੇ ਚੇਅਰਮੈਨ ਗੁਰਜੀਤ ਸਿੰਘ ਬਾਹੀਆ, ਵਾਈਸ ਚੇਅਰਮੈਨ ਐੱਸ.ਪੀ.ਐੱਸ. ਮਰਾੜ, ਕਾਰਜਕਾਰੀ ਮੈਂਬਰ ਐਨ.ਐੱਸ. ਬਰਾੜ, ਕਾਰਜਕਾਰੀ ਮੈਂਬਰ ਜਰਨੈਲ ਸਿੰਘ ਅਤੇ ਓ.ਪੀ. ਪੋਪਲੀ ਸਮੇਤ ਐਸੋਸੀਏਸ਼ਨ ਕਈ ਹੋਰ ਆਗੂ ਹਾਜ਼ਰ ਸਨ।