05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਡਿਜੀਟਲ ਇਕੋਸਿਸਟਮ ’ਚ ਡਾਟਾ ਸੁਰੱਖਿਆ ਤੇ ਗੁਪਤਤਾ ਸਾਡੀ ਸਰਵਉੱਚ ਤਰਜੀਹ-ਸਿੱਖਿਆ ਮੰਤਰੀ

Ad Position 21
No active advertisement
ਅਜੀਤ ਡੈਸਕ 08-07-2026
ਚੰਡੀਗੜ੍ਹ, 7 ਜੁਲਾਈ (ਰਾਮ ਸਿੰਘ ਬਰਾੜ)- ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਵਿਦਿਆਰਥੀਆਂ ਦਾ ਜੀਵਨ ਸਿਰਫ਼ ਕਿਤਾਬਾਂ ਅਤੇ ਕਲਾਸਰੂਮ ਤੱਕ ਸੀਮਤ ਨਹੀਂ ਹੈ, ਸਗੋਂ ਉਨ੍ਹਾਂ ਦਾ ਪੂਰਾ ਜੀਵਨ ਡਿਜੀਟਲ ਇਕੋਸਿਸਟਮ ਦਾ ਹਿੱਸਾ ਬਣ ਚੁੱਕਾ ਹੈ। ਅਜਿਹੇ ਵਿੱਚ ਸਾਡੀਆਂ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਦੇ ਸਰਵਰਾਂ ’ਤੇ ਮੌਜੂਦ ਲੱਖਾਂ ਵਿਦਿਆਰਥੀਆਂ ਦਾ ਅਕਾਦਮਿਕ ਡਾਟਾ, ਖੋਜ ਪੱਤਰ ਅਤੇ ਡਿਜੀਟਲ ਲਾਇਬ੍ਰੇਰੀ ਨੂੰ ਸੁਰੱਖਿਅਤ ਰੱਖਣਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਇਸ ਵਿਸ਼ਾਲ ਪ੍ਰਣਾਲੀ ਵਿਚ ਇਕ ਛੋਟਾ ਜਿਹਾ ਲੂਪਹੋਲ ਵੀ ਪੂਰੀ ਸੰਸਥਾ ਦੀ ਅਖੰਡਤਾ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। ਇਸ ਲਈ ਅੱਜ ਦੀ ਚੁਣੌਤੀ ਸਿਰਫ਼ ਨਿੱਜੀ ਮੋਬਾਈਲ ਨੂੰ ਸੁਰੱਖਿਅਤ ਕਰਨ ਦੀ ਨਹੀਂ, ਸਗੋਂ ਸਾਡੀ ਪੂਰੀ ਸਿੱਖਿਆ ਪ੍ਰਣਾਲੀ ਨੂੰ ਭਵਿੱਖ ਲਈ ਸੁਰੱਖਿਅਤ ਬਣਾਉਣ ਦੀ ਹੈ। ਸਿੱਖਿਆ ਮੰਤਰੀ ਅੱਜ ਉੱਚ ਸਿੱਖਿਆ ਡਾਇਰੈਕਟੋਰੇਟ, ਹਰਿਆਣਾ ਅਤੇ ਇੰਦਰਾ ਗਾਂਧੀ ਯੂਨੀਵਰਸਿਟੀ, ਮੀਰਪੁਰ (ਰੇਵਾੜੀ) ਵੱਲੋਂ ਸੰਯੁਕਤ ਰੂਪ ਵਿਚ ‘ਡਿਜੀਟਲ ਇਕੋਸਿਸਟਮ ਵਿੱਚ ਵਿਅਕਤੀਆਂ ਦੀ ਸੁਰੱਖਿਆ’ ਵਿਸ਼ੇ ’ਤੇ ਪੰਚਕੂਲਾ ਸਥਿਤ ਸਿੱਖਿਆ ਸਦਨ ਵਿੱਚ ਆਯੋਜਿਤ ਪਹਿਲੀ ਰਾਸ਼ਟਰੀ ਵਰਕਸ਼ਾਪ ਨੂੰ ਸੰਬੋਧਿਤ ਕਰ ਰਹੇ ਸਨ। ਮੰਤਰੀ ਨੇ ਇਸ ਮਹੱਤਵਪੂਰਨ ਵਿਸ਼ੇ ’ਤੇ ਆਯੋਜਿਤ ਵਰਕਸ਼ਾਪ ਵਿੱਚ 7500 ਤੋਂ ਵੱਧ ਭਾਗੀਦਾਰਾਂ ਦੇ ਰਜਿਸਟ੍ਰੇਸ਼ਨ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸ਼ਮੂਲੀਅਤ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਅੱਜ ਸਾਡਾ ਸਮਾਜ ਸਾਈਬਰ ਸੁਰੱਖਿਆ ਦੀ ਗੰਭੀਰਤਾ ਨੂੰ ਪੂਰੀ ਡੂੰਘਾਈ ਨਾਲ ਸਮਝ ਰਿਹਾ ਹੈ। ਮੰਤਰੀ ਮਹੀਪਾਲ ਢਾਂਡਾ ਨੇ ਸਿੱਖਿਆ ਸੰਸਥਾਵਾਂ ਦੀ ਜ਼ਿੰਮੇਵਾਰੀ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਇੱਕ ਵਿਦਿਆਰਥੀ ਯੂਨੀਵਰਸਿਟੀ ਦੇ ਪੋਰਟਲ ’ਤੇ ਦਾਖਲਾ ਫਾਰਮ ਭਰਦਾ ਹੈ, ਤਾਂ ਉਹ ਇੱਕ ਵੱਡੇ ਵਿਸ਼ਵਾਸ ਨਾਲ ਆਪਣੇ ਪਰਿਵਾਰ ਦਾ ਪੂਰਾ ਵੇਰਵਾ ਸਾਂਝਾ ਕਰਦਾ ਹੈ। ਇਸ ਵਿਸ਼ਵਾਸ ਨੂੰ ਬਣਾਈ ਰੱਖਣਾ ਸਾਡੀ ਸਰਵਉੱਚ ਤਰਜੀਹ ਹੋਣੀ ਚਾਹੀਦੀ ਹੈ। ਇਸ ਮੌਕੇ ਸਿੱਖਿਆ ਮੰਤਰੀ ਨੇ ਇੰਦਰਾ ਗਾਂਧੀ ਯੂਨੀਵਰਸਿਟੀ, ਮੀਰਪੁਰ ਦੇ ਅਧਿਕਾਰਤ ਮੋਬਾਈਲ ਐਪਲੀਕੇਸ਼ਨ ਦੀ ਰਸਮੀ ਸ਼ੁਰੂਆਤ ਕੀਤੀ ਇਸ ਮੌਕੇ ਉੱਚ ਸਿੱਖਿਆ ਦੇ ਵਧੀਕ ਮੁੱਖ ਸਕੱਤਰ ਏ.ਕੇ. ਸਿੰਘ, ਉੱਚ ਸਿੱਖਿਆ ਦੇ ਡਾਇਰੈਕਟਰ ਐਸ. ਨਾਰਾਇਣਨ, ਸੰਯੁਕਤ ਨਿਦੇਸ਼ਕ ਪ੍ਰਸ਼ਾਸਕ ਨੀਰਜ ਸ਼ਰਮਾ ਅਤੇ ਹੋਰ ਅਧਿਕਾਰੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਰਾਬ ਦੇ ਨਸ਼ੇ ’ਚ ਗੱਡੀ ਚਲਾਉਣ ਵਾਲੇ ਨੂੰ 10 ਹਜ਼ਾਰ ਜੁਰਮਾਨਾ, 4 ਦਿਨ ਟਰੈਫਿਕ ਪੁਲਿਸ ਨਾਲ ਕਰੇਗਾ ਕਮਿਊਨਿਟੀ ਸਰਵਿਸ ਅਗਲੀ ਖ਼ਬਰ ਮੈਗਜ਼ੀਨ ‘ਦੀ ਗੋਲਡਨ ਐਰਾ’ ਦਾ ਤੀਜਾ ਐਡੀਸ਼ਨ ਪੰਜਾਬ ਦੇ ਰਾਜਪਾਲ ਨੇ ਕੀਤਾ ਲੋਕ ਅਰਪਣ
Ad Position 24
No active advertisement