ਕੁਰਾਲੀ, 7 ਜੁਲਾਈ (ਹਰਪ੍ਰੀਤ ਸਿੰਘ)-ਸਥਾਨਕ ਨਗਰ ਕੌਂਸਲ ਤੇ ਨਵੇਂ ਬਣੇ ਪ੍ਰਧਾਨ ਬਹਾਦਰ ਸਿੰਘ ਓ. ਕੇ. ਨੂੰ ਅੱਜ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਿਕ ਆਗੂਆਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਓ. ਕੇ. ਨੇ ਸਾਰੀਆਂ ਪਾਰਟੀਆਂ ਅਤੇ ਜਥੇਬੰਦੀਆਂ ਨੂੰ ਨਾਲ ਲਿਆ ਕੇ ਚੱਲਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਭਨਾਂ ਦੇ ਸਾਥ ਦੇ ਨਾਲ ਸ਼ਹਿਰ ਦਾ ਵਿਕਾਸ ਕੀਤਾ ਜਾਵੇਗਾ। ਅੱਜ ਸਥਾਨਕ ਸ੍ਰੀ ਵਿਸ਼ਕਰਮਾ ਮੰਦਰ ਸਭਾ (ਰਜਿ.) ਦੇ ਆਗੂਆਂ ਨੇ ਮਾ. ਗੁਰਮੁਖ ਸਿੰਘ ਅਤੇ ਹਰਨੇਕ ਸਿੰਘ ਦੀ ਅਗਵਾਈ ’ਚ ਓ. ਕੇ. ਦੇ ਗ੍ਰਹਿ ਵਿਖੇ ਪੁੱਜ ਕੇ ਉਨ੍ਹਾਂ ਨੂੰ ਸਭਾ ਵਲੋਂ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਓ. ਕੇ. ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ। ਇਸ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਤੇ ਸੂਬਾ ਸਕੱਤਰ ਆਗੂ ਰਾਜਾ ਰਜਿੰਦਰ ਸਿੰਘ ਨੰਨਹੇੜੀਆਂ ਦੀ ਅਗਵਾਈ ’ਚ ਪਾਰਟੀ ਆਗੂਆਂ ਨੇ ਪ੍ਰਧਾਨ ਓ. ਕੇ. ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਕਿਹਾ ਕਿ ਉਨਾਂ ਨੂੰ ਪੂਰੀ ਆਸ ਹੈ ਕਿ ਉਹ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਕੋਈ ਕਸਰ ਨਹੀਂ ਛੱਡਣਗੇ। ਇਸ ਦੌਰਾਨ ਨਵ ਨਿਯੁਕਤ ਪ੍ਰਧਾਨ ਨੇ ਵੱਖ-ਵੱਖ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਾਥ ਨਾਲ ਉਹ ਸ਼ਹਿਰ ਨੂੰ ਇਕ ਨਮੂਨੇ ਦਾ ਸ਼ਹਿਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਸਾਬਕਾ ਕੌਂਸਲਰ ਨੰਦੀਪਾਲ, ਹਰਦੀਪ ਸਿੰਘ ਨੱਗਲਗੜ੍ਹੀਆਂ, ਜਗਦੇਵ ਸਿੰਘ ਕੁਰਾਲੀ ਤੇ ਮਹਿਮਾ ਸਿੰਘ ਕੁਰਾਲੀ ਆਦਿ ਹਾਜ਼ਰ ਸਨ।