ਚੰਡੀਗੜ੍ਹ, 7 ਜੁਲਾਈ (ਕਪਿਲ ਵਧਵਾ)–ਚੰਡੀਗੜ੍ਹ ਦੇ ਮੌਲੀਜਾਗਰਾਂ ਸਥਿਤ ਸੁੰਦਰ ਨਗਰ ਵਿਚ ਸੋਮਵਾਰ ਦੇਰ ਰਾਤ 15 ਸਾਲਾ ਲੜਕੇ ਦੀ ਹੱਤਿਆ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਅਮਿਤ (15) ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਨਾਬਾਲਗ ਨੂੰ ਕਾਬੂ ਕਰ ਲਿਆ ਹੈ, ਜਦਕਿ ਦੋ ਹੋਰ ਨਾਬਾਲਗਾਂ ਦੀ ਭਾਲ ਜਾਰੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਸੋਮਵਾਰ ਰਾਤ ਕਰੀਬ 10 ਵਜੇ ਅਮਿਤ ਨੂੰ ਉਸ ਦੇ ਜਾਣ-ਪਛਾਣ ਵਾਲੇ ਤਿੰਨ ਨਾਬਾਲਗ ਘਰ ਨੇੜੇ ਪਾਰਕ ਵਿਚ ਬੁਲਾ ਕੇ ਲੈ ਗਏ। ਉੱਥੇ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਨਾਬਾਲਗਾਂ ਨੇ ਕਥਿਤ ਤੌਰ ‘ਤੇ ਉਸ ਦਾ ਗਲਾ ਘੁੱਟ ਦਿੱਤਾ। ਸਥਾਨਕ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਅਨੁਸਾਰ ਮ੍ਰਿਤਕ ਦੀ ਭੈਣ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਇਕ ਨਾਮਜ਼ਦ ਨਾਬਾਲਗ ਅਤੇ ਦੋ ਅਣਪਛਾਤੇ ਨਾਬਾਲਗਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਮੰਗਲਵਾਰ ਨੂੰ ਪੁਲਿਸ ਨੇ ਅਮਿਤ ਦਾ ਪੋਸਟਮਾਰਟਮ ਕਰਵਾ ਕੇ ਉਸ ਦੀ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ। ਪੁਲਿਸ ਅਨੁਸਾਰ ਇਸ ਮਾਮਲੇ ਵਿਚ ਕਰੀਬ 16 ਸਾਲਾਂ ਇਕ ਨਾਬਾਲਗ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਦੋ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਲਾਕੇ ਦੇ ਮੋਹਤਵਰ ਅਨਿਲ ਕੁਮਾਰ ਦੂਬੇ ਨੇ ਦੱਸਿਆ ਕਿ ਅਮਿਤ ਬਹੁਤ ਹੀ ਸ਼ਰੀਫ਼ ਸੁਭਾਅ ਦਾ ਲੜਕਾ ਸੀ ਅਤੇ ਉਸ ਦੀ ਮੌਤ ਨਾਲ ਪੂਰੇ ਇਲਾਕੇ ਵਿਚ ਦੁੱਖ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਦੇਰ ਸ਼ਾਮ ਪੀੜਤ ਪਰਿਵਾਰ ਨਾਲ ਥਾਣੇ ਪਹੁੰਚੇ, ਜਿੱਥੇ ਡੀਐਸਪੀ ਰਾਮ ਗੋਪਾਲ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋ ਸਾ ਦਿੱਤਾ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਬਾਕੀ ਦੋ ਨਾਬਾਲਗਾਂ ਦੀ ਗ੍ਰਿਫ਼ਤਾਰੀ ਸਬੰਧੀ ਕੋਈ ਅਧਿਕਾਰਿਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।