06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਡੇਰਾਬੱਸੀ ਦੇ ਉਦਯੋਗਾਂ ਨੂੰ ਕੌਮਾਂਤਰੀ ਬਾਜ਼ਾਰ ਦੇ ਹਾਣੀ ਬਣਾਉਣ ਲਈ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 18-07-2026
ਡੇਰਾਬੱਸੀ, 17 ਜੁਲਾਈ (ਰਣਬੀਰ ਸਿੰਘ ਪੜ੍ਹੀ)-ਸਥਾਨਕ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਕੌਮਾਂਤਰੀ ਬਾਜ਼ਾਰ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਅਤੇ ਪੰਜਾਬ ਦੇ ਨਿਰਯਾਤ ਨੂੰ ਨਵੀਂਆਂ ਉੱਚਾਈਆਂ ‘ਤੇ ਲਿਜਾਣ ਦੇ ਮਕਸਦ ਨਾਲ ਮੁਬਾਰਕਪੁਰ ਸਥਿਤ ਨਚੀਕੇਤਾ ਪੇਪਰਜ਼ ਲਿਮ. ਵਿਖੇ ਇਕ ਉੱਚ-ਪੱਧਰੀ ਨਿਰਯਾਤ ਉਤਸ਼ਾਹਨ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ ਵਿਭਾਗ ਵਲੋਂ ਰੈਂਪ ਸਕੀਮ ਤਹਿਤ ਮਗਸੀਪਾ ਚੰਡੀਗੜ੍ਹ ਅਤੇ ਡੇਰਾਬੱਸੀ ਇੰਡਸਟਰੀਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਵਿਸ਼ੇਸ਼ ਕੈਂਪ ‘ਚ ਇਲਾਕੇ ਦੇ ਨਾਮਵਰ ਉਦਯੋਗਪਤੀਆਂ, ਨਿਰਯਾਤਕਾਂ ਅਤੇ ਐਮ. ਐਸ. ਐਮ. ਈ. (ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜਿਜ਼) ਦੇ ਪ੍ਰਤੀਨਿਧਆਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਡੇਰਾਬੱਸੀ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਮਿੱਤਲ ਨੇ ਕਿਹਾ ਕਿ ਸਥਾਨਕ ਉਦਯੋਗਾਂ ਦੀ ਸਮਰੱਥਾ ਵਧਾ ਕੇ ਹੀ ਸੂਬੇ ਦੇ ਨਿਰਯਾਤ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ। ਇਸ ਦੌਰਾਨ ਜ਼ਿਲ੍ਹਾ ਉਦਯੋਗ ਕੇਂਦਰ ਮੁਹਾਲੀ ਦੇ ਜਨਰਲ ਮੈਨੇਜਰ ਮਨਿੰਦਰ ਸਿੰਘ ਨੇ ਉਦਯੋਗਪਤੀਆਂ ਨੂੰ ਸਰਕਾਰੀ ਸਬਸਿਡੀਆਂ ਤੇ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਆਪਣੇ ਉਤਪਾਦਾਂ ਦੀ ਗੁਣਵੱਤਾ ਸੁਧਾਰਨ ਅਤੇ ਵਿਦੇਸ਼ੀ ਬਾਜ਼ਾਰਾਂ ‘ਚ ਨਵੇਂ ਮੌਕੇ ਤਲਾਸ਼ਣ ਲਈ ਪ੍ਰੇਰਿਤ ਕੀਤਾ। ਤਕਨੀਕੀ ਸੈਸ਼ਨਾਂ ਦੌਰਾਨ ਦੇਸ਼ ਦੇ ਚੋਟੀ ਦੇ ਮਾਹਰਾਂ ਨੇ ਉਦਯੋਗਪਤੀਆਂ ਨੂੰ ਗਲੋਬਲ ਮਾਰਕੀਟ ਫ਼ਤਿਹ ਕਰਨ ਦੇ ਗੁਰ ਸਿਖਾਏ। ਮਗਸੀਪਾ ਦੇ ਪ੍ਰੋ. ਡਾ. ਸੰਜੀਵ ਚੱਢਾ ਨੇ ਅੰਤਰਰਾਸ਼ਟਰੀ ਵਪਾਰ ਪ੍ਰਣਾਲੀ ਅਤੇ ਸੀ. ਈ. ਓ. ਐੱਸ. ਕੇ. ਗੁਪਤਾ ਨੇ ਐਕਸਪੋਰਟ ਦਸਤਾਵੇਜ਼ਾਂ ਦੇ ਸਹੀ ਰੱਖ-ਰਖਾਅ ਅਤੇ ਸ਼ਿਪਮੈਂਟ ਦੀ ਪੂਰਵ-ਤਿਆਰੀ ਦੇ ਅਹਿਮ ਨੁਕਤੇ ਸਾਂਝੇ ਕੀਤੇ। ਇਸੇ ਤਰ੍ਹਾਂ ਐਗਜ਼ਿਮ ਬੈਂਕ ਦੀ ਮੁੱਖ ਪ੍ਰਬੰਧਕ ਮੋਨਿਕਾ ਖੁੱਲਰ ਨੇ ਬੈਂਕ ਵਲੋਂ ਨਿਰਯਾਤਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਸਤੀਆਂ ਕਰਜ਼ਾ ਸਹੂਲਤਾਂ ਅਤੇ ਵਿੱਤੀ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤਾਂ ਜੋ ਭਾਰਤੀ ਉਦਯੋਗ ਦੁਨੀਆ ਭਰ ‘ਚ ਆਪਣੀ ਪਛਾਣ ਬਣਾ ਸਕਣ। ਐਸੋਸੀਏਸ਼ਨ ਦੇ ਸਕੱਤਰ ਰਾਕੇਸ਼ ਆਰ. ਅਗਰਵਾਲ ਨੇ ਕਿਹਾ ਕਿ ਇਹ ਪ੍ਰੋਗਰਾਮ ਖੇਤਰ ਦੇ ਉਦਯੋਗਾਂ ਲਈ ਨਵੇਂ ਦਰਵਾਜ਼ੇ ਖੋਲ੍ਹੇਗਾ।
Ad Position 22
No active advertisement
ਪਿਛਲੀ ਖ਼ਬਰ ਸਿਰ ਵੱਢ ਕੇ ਕਤਲ ਕਰਨ ਦੇ ਮਾਮਲੇ ’ਚ ਜਗੀਰ ਸਿੰਘ ਦੋਸ਼ੀ ਕਰਾਰ, ਦੋ ਬਰੀ ਅਗਲੀ ਖ਼ਬਰ 20 ਲੱਖ ਰਿਸ਼ਵਤ ਮਾਮਲਾ: ਓ. ਪੀ. ਰਾਣਾ ਖ਼ਿਲਾਫ਼ ਮਨਜ਼ੂਰੀ ਦੀ ਉਡੀਕ, ਵਿਕਾਸ ਗੋਇਲ ਦੀ ਜ਼ਮਾਨਤ ਅਰਜ਼ੀ 20 ਨੂੰ
Ad Position 24
No active advertisement