ਐੱਸ. ਏ. ਐੱਸ. ਨਗਰ, 17 ਜੁਲਾਈ (ਕਪਿਲ ਵਧਵਾ)- ਸਾਲ 2021’ਚ ਬੱਕਰੀਆਂ ਅਤੇ ਮੇਮਣੇ ਵੇਚਣ ਦੇ 40 ਹਜ਼ਾਰ ਰੁਪਏ ਮੰਗਣ ਦੇ ਵਿਵਾਦ ‘ਚ ਸੁੱਚਾ ਸਿੰਘ ਦਾ ਸਿਰ ਵੱਢ ਕੇ ਕਤਲ ਕਰਨ ਦੇ ਮਾਮਲੇ ‘ਚ ਮੁਹਾਲੀ ਦੀ ਅਦਾਲਤ ਨੇ ਮੁਲਜ਼ਮ ਜਗੀਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹਾਲਾਂਕਿ ਸਬੂਤਾਂ ਦੀ ਘਾਟ ਕਾਰਨ ਸਹਿ-ਮੁਲਜ਼ਮ ਸਤਨਾਮ ਸਿੰਘ ਅਤੇ ਦੇਸਰਾਜ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਗਿਆ ਹੈ। ਅਦਾਲਤ ਵਲੋਂ ਦੋਸ਼ੀ ਨੂੰ 20 ਜੁਲਾਈ ਨੂੰ ਸਜ਼ਾ ਸੁਣਾਈ ਜਾਵੇਗੀ। ਮ੍ਰਿਤਕ ਦੇ ਪਰਿਵਾਰ ਵਲੋਂ ਕੇਸ ਦੀ ਪੈਰਵਾਈ ਕਰ ਰਹੇ ਐਡਵੋਕੇਟ ਸੀ. ਐੱਸ. ਬਾਵਾ ਅਤੇ ਐੱਚ. ਐੱਸ. ਧਨੋਆ ਨੇ ਕਿਹਾ ਕਿ ਪਰਿਵਾਰ ਨੂੰ ਉਮੀਦ ਹੈ ਕਿ ਅਦਾਲਤ ਦੋਸ਼ੀ ਨੂੰ ਸਖ਼ਤ ਸਜ਼ਾ ਸੁਣਾਏਗੀ, ਜਦਕਿ ਮ੍ਰਿਤਕ ਦੇ ਪਰਿਵਾਰ ਵਲੋਂ ਦੋਸ਼ੀ ਲਈ ਫਾਂਸੀ ਦੀ ਮੰਗ ਰੱਖੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 12 ਜੂਨ 2021 ਨੂੰ ਸੁੱਚਾ ਸਿੰਘ ਆਪਣੇ ਦੋਸਤ ਬੁੱਧ ਰਾਮ ਨਾਲ ਬੱਕਰੀਆਂ ਚਰਾਉਣ ਲਈ ਘਰੋਂ ਨਿਕਲਿਆ ਸੀ, ਪਰ ਉਹ ਵਾਪਸ ਘਰ ਨਹੀਂ ਪਰਤਿਆ ਸੀ। ਪਰਿਵਾਰ ਵਲੋਂ ਕਾਫ਼ੀ ਭਾਲ ਕਰਨ ਦੇ ਬਾਵਜੂਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ। ਸੁੱਚਾ ਸਿੰਘ ਦੇ ਲਾਪਤਾ ਹੋਣ ਤੋਂ ਕਰੀਬ 8 ਦਿਨਾਂ ਬਾਅਦ 20 ਜੂਨ ਨੂੰ ਪਰਿਵਾਰ ਦੇ ਪਾਲਤੂ ਕੁੱਤੇ ਰੌਕੀ ਨੇ ਸੁੰਘ ਕੇ ਖੇਤਾਂ ਵਿਚ ਦੱਬਿਆ ਉਸ ਦਾ ਧੜ ਲੱਭ ਲਿਆ ਸੀ। ਕੱਪੜਿਆਂ ਰਾਹੀਂ ਮ੍ਰਿਤਕ ਦੀ ਪਛਾਣ ਹੋਈ ਸੀ, ਪਰ ਉਸ ਸਮੇਂ ਸਿਰ ਗਾਇਬ ਸੀ। ਪੁਲਿਸ ਵਲੋਂ ਜਗੀਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਦੇ ਕਬੂਲਨਾਮੇ ਦੇ ਆਧਾਰ ‘ਤੇ ਕਰੀਬ ਇਕ ਹਫ਼ਤੇ ਬਾਅਦ ਸਿਰ ਵੀ ਬਰਾਮਦ ਕਰ ਲਿਆ ਗਿਆ ਸੀ। ਜਾਂਚ ਦੌਰਾਨ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਕਤਲ ਤੋਂ ਬਾਅਦ ਮੁਲਜ਼ਮ ਨੇ ਸੁੱਚਾ ਸਿੰਘ ਦੀ ਲਾਸ਼ ਨੂੰ ਸਿਸਵਾਂ ਵਿਖੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਤੋਂ ਕਰੀਬ 100 ਮੀਟਰ ਦੀ ਦੂਰੀ ‘ਤੇ ਦਫਨਾ ਦਿੱਤਾ ਸੀ, ਜਦਕਿ ਸਿਰ ਨੂੰ ਕਿਸੇ ਹੋਰ ਥਾਂ ਛਿਪਾ ਦਿੱਤਾ ਸੀ। ਹਾਈ ਸੁਰੱਖਿਆ ਵਾਲੇ ਖੇਤਰ ਦੇ ਨੇੜੇ ਸਿਰ ਕੱਟੀ ਲਾਸ਼ ਮਿਲਣ ਕਾਰਨ ਇਹ ਮਾਮਲਾ ਉਸ ਸਮੇਂ ਪੂਰੇ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਸੀ। ਸ਼ੁਰੂਆਤੀ ਜਾਂਚ ਦੌਰਾਨ ਪੁਲਿਸ ਲਈ ਇਹ ਮਾਮਲਾ ਅੰਨ੍ਹਾ ਕਤਲ ਦਾ ਕੇਸ ਸੀ ਕਿਉਂਕਿ ਸਿਰ ਅਤੇ ਧੜ ਵੱਖ-ਵੱਖ ਥਾਵਾਂ ਤੋਂ ਮਿਲੇ ਸਨ। ਤਕਨੀਕੀ ਸਬੂਤਾਂ, ਗਵਾਹਾਂ ਤੇ ਹੋਰ ਜਾਂਚ ਦੇ ਆਧਾਰ ‘ਤੇ ਪੁਲਿਸ ਨੇ ਕੇਸ ਦੀਆਂ ਕੜੀਆਂ ਨੂੰ ਜੋੜਿਆਂ ਅਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਅਦਾਲਤ ‘ਚ ਚਲਾਨ ਪੇਸ਼ ਕੀਤਾ। ਟ੍ਰਾਇਲ ਦੌਰਾਨ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਜਗੀਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਬਾਕੀ ਦੋ ਵਿਅਕਤੀਆਂ ਨੂੰ ਬਰੀ ਕਰ ਦਿੱਤਾ।