ਡੇਰਾਬੱਸੀ, 24 ਜੁਲਾਈ (ਰਣਬੀਰ ਸਿੰਘ ਪੜ੍ਹੀ)-ਪ੍ਰਾਪਰਟੀ ਡੀਲਰਜ਼ ਤੇ ਬਿਲਡਰਜ਼ ਐਸੋਸੀਏਸ਼ਨ ਡੇਰਾਬੱਸੀ ਦੇ ਪ੍ਰਧਾਨ ਮੋਹਨ ਸੈਣੀ ਦੀ ਅਗਵਾਈ ਹੇਠ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਚੁਣੀ ਗਈ ਨਵੀਂ ਟੀਮ ਦਾ ਤਾਜਪੋਸ਼ੀ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ‘ਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਰੀਅਲ ਅਸਟੇਟ ਸਮੇਤ ਪ੍ਰਾਪਰਟੀ ਨਾਲ ਜੁੜੇ ਹਰ ਤਰ੍ਹਾਂ ਦੇ ਮੁੱਦਿਆਂ ਤੇ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ। ਲੋਕਾਂ ਦੀ ਖੁਸ਼ਹਾਲੀ ਲਈ ਪ੍ਰਾਪਰਟੀ ਦੇ ਕਾਰੋਬਾਰ ਦਾ ਜਵਾਬਦੇਹੀ ਨਾਲ ਵਧਣਾ-ਫੁੱਲਣਾ ਬਹੁਤ ਜ਼ਰੂਰੀ ਹੈ। ਇਸੇ ਲੜੀ ਤਹਿਤ ਜਿਥੇ ਰੇਰਾ ਕਾਨੂੰਨ ਲਿਆ ਕੇ ਬਿਲਡਰਾਂ ਤੇ ਲੈਂਡ ਡਿਵੈਲਪਰਾਂ ਦੀ ਜਵਾਬਦੇਹੀ ਤੈਅ ਕੀਤੀ ਗਈ ਹੈ, ਉਥੇ ਹੀ ਡੀਡ ਰਾਈਟਿੰਗ, ਟੋਕਨ ਪ੍ਰਣਾਲੀ ਅਤੇ ਤਤਕਾਲ ਸੁਵਿਧਾ ਰਾਹੀਂ ਰਜਿਸਟਰੀ ਦੀ ਪ੍ਰਕਿਰਿਆ ਨੂੰ ਬਹੁਤ ਹੀ ਸੁਖਾਲਾ ਬਣਾਇਆ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਕੁਲੈਕਟਰ ਰੇਟ ‘ਚ ਵਾਧਾ, ਕਾਲੋਨੀਆਂ ਨੂੰ ਰੈਗੂਲਰਾਈਜ਼ ਕਰਨਾ ਅਤੇ ਰਜਿਸਟਰੀਆਂ ਤੇ ਮਾਲ ਵਿਭਾਗ ਨਾਲ ਜੁੜੀਆਂ ਹੋਰ ਸਮੱਸਿਆਵਾਂ ਬਾਰੇ ਐਸੋਸੀਏਸ਼ਨ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾ ਰਿਹਾ ਹੈ ਅਤੇ ਭਵਿੱਖ ‘ਚ ਵੀ ਇਹ ਸਿਲਸਿਲਾ ਜਾਰੀ ਰਹੇਗਾ। ਸਮਾਗਮ ਤੋਂ ਪਹਿਲਾਂ ਸਰਬਸੰਮਤੀ ਨਾਲ ਨਵੀਂ ਟੀਮ ਦੀ ਚੋਣ ਕੀਤੀ ਗਈ, ਜਿਸ ਦੌਰਾਨ ਕੁਲਦੀਪ ਰੰਗੀ ਨੂੰ ਚੇਅਰਮੈਨ, ਤੇਜਿੰਦਰ ਕਪਿਲ ਨੂੰ ਜਨਰਲ ਸਕੱਤਰ, ਵਿਮਲ ਚੋਪੜਾ ਨੂੰ ਸੀਨੀਅਰ ਮੀਤ ਪ੍ਰਧਾਨ, ਉਮੇਸ਼ ਸਿੰਘ ਨੂੰ ਮੀਤ ਪ੍ਰਧਾਨ, ਰਵੀ ਭਾਂਖਰਪੁਰ ਨੂੰ ਸਕੱਤਰ, ਬਲਬੀਰ ਸੈਣੀ ਨੂੰ ਫਾਈਨਾਂਸ ਸਕੱਤਰ, ਮਨੋਜ ਰਾਜਪੂਤ ਤੇ ਹਰਜੀਤ ਲੱਕੀ ਨੂੰ ਨੂੰ ਪ੍ਰੈੱਸ ਸਕੱਤਰ ਅਤੇ ਸੋਨੂੰ ਸੇਠੀ ਨੂੰ ਸੋਸ਼ਲ ਮੀਡੀਆ ਇੰਚਾਰਜ ਚੁਣਿਆ ਗਿਆ, ਜਦਕਿ ਐਡਵਾਈਜ਼ਰੀ ਪੈਨਲ ‘ਚ ਨਿਤਿਨ ਜਿੰਦਲ, ਨਰੇਸ਼ ਉਪਨੇਜਾ, ਗੁਰਦੀਪ ਚਹਿਲ ਅਤੇ ਸਾਬਕਾ ਪ੍ਰਧਾਨ ਰਮੇਸ਼ ਰਾਣਾ ਨੂੰ ਸ਼ਾਮਿਲ ਕੀਤਾ ਗਿਆ। ਅੰਤ ‘ਚ ਵਿਧਾਇਕ ਰੰਧਾਵਾ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਸਮੇਤ ਸਮੁੱਚੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਗਈ।