ਪੰਚਕੂਲਾ, 25 ਜੁਲਾਈ (ਕਪਿਲ)-ਸਵ. ਜਸਵਿੰਦਰ ਸਿੰਘ ‘ਗਿੰਨੀ’ ਦੀ ਯਾਦ ‘ਚ ਪਹਿਲਾ ਗਿੰਨੀ ਮੈਮੋਰੀਅਲ ਬੋਇਜ਼/ਗਰਲਜ਼ ਕੰਬਾਈਨਡ ਅੰਡਰ-16 ਕ੍ਰਿਕਟ ਟੂਰਨਾਮੈਂਟ 27 ਜੁਲਾਈ ਤੋਂ ਟ੍ਰਾਈਸਿਟੀ ਦੇ ਇੰਦਰਜੀਤ ਕ੍ਰਿਕਟ ਗਰਾਊਂਡ ‘ਚ ਸ਼ੁਰੂ ਹੋਣ ਜਾ ਰਿਹਾ ਹੈ। ਟੂਰਨਾਮੈਂਟ ਦਾ ਉਦਘਾਟਨ ਬੀ. ਸੀ. ਸੀ. ਆਈ. ਕ੍ਰਿਕਟ ਸਲਾਹਕਾਰ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਐੱਸ. ਐੱਚ. ਅਸ਼ੋਕ ਮਲਹੋਤਰਾ ਨੇ ਕੀਤਾ। ਪੰਚਕੂਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਰਜੀਤ ਕੁਮਾਰ ਨੇ ਦੱਸਿਆ ਕਿ ਉੱਤਰੀ ਭਾਰਤ ਤੇ ਟ੍ਰਾਈਸਿਟੀ ਦੀਆਂ 10 ਟੀਮਾਂ ਟੂਰਨਾਮੈਂਟ ‘ਚ ਹਿੱਸਾ ਲੈਣਗੀਆਂ। ਸਾਰੇ ਮੈਚ 30-30 ਓਵਰਾਂ ਦੇ ਹੋਣਗੇ ਅਤੇ ਲਾਲ ਗੇਂਦ ਤੇ ਚਿੱਟੇ ਲਿਬਾਸ ਨਾਲ ਖੇਡੇ ਜਾਣਗੇ। ਟੀਮਾਂ ਨੂੰ ਦੋ ਪੂਲਾਂ ‘ਚ ਵੰਡਿਆ ਗਿਆ ਹੈ ਅਤੇ ਹਰ ਟੀਮ ਚਾਰ ਲੀਗ ਮੈਚ ਖੇਡੇਗੀ। ਹਰ ਪੂਲ ਦੀਆਂ ਦੋ ਸਿਖਰਲੀਆਂ ਟੀਮਾਂ ਸੈਮੀਫਾਈਨਲ ‘ਚ ਪ੍ਰਵੇਸ਼ ਕਰਨਗੀਆਂ। ਟੂਰਨਾਮੈਂਟ ‘ਚ ਭਾਗ ਲੈਣ ਵਾਲੇ ਹਰ ਖਿਡਾਰੀ ਨੂੰ ਆਯੋਜਕ ਕਮੇਟੀ ਵਲੋਂ ਯਾਦਗਾਰੀ ਟਰਾਫੀ ਅਤੇ ਵਾਟਰ ਸ਼ੇਕਰ ਭੇਟ ਕੀਤਾ ਜਾਵੇਗਾ। ਲੜਕਿਆਂ ਅਤੇ ਲੜਕੀਆਂ ਦੋਵਾਂ ਲਈ ਜਨਮ ਮਿਤੀ ਦੀ ਕੱਟ-ਆਫ 01-01-2010 ਨਿਰਧਾਰਤ ਕੀਤੀ ਗਈ ਹੈ। ਇਸ ਮੌਕੇ ਸ੍ਰੀ ਸੀ੍ਰ 108 ਸੰਪੂਰਨਾਨੰਦ ਬ੍ਰਹਮਚਾਰੀ, ਮੁੱਖ ਮੰਤਰੀ ਦੇ ਓ. ਐਸ. ਡੀ. ਭੋਪਾਲ ਸਿੰਘ ਖਾਦਰੀ, ਪੰਚਕੂਲਾ ਦੇ ਮੇਅਰ ਸ਼ਾਮ ਲਾਲ ਬਾਂਸਲ, ਯੁਵਰਾਜ ਕੌਸ਼ਿਕ, ਰੰਜੀਤਾ ਮਹੇਤਾ, ਡਾ. ਪ੍ਰਦੀਪ ਗੋਯਲ, ਤਜਿੰਦਰ ਗੁਪਤਾ, ਅਮਰਜੀਤ ਕੁਮਾਰ, ਅਨਿਲ ਆਰਿਆ, ਆਸ਼ੀਸ਼ ਕੁਮਾਰ ਰਾਏ, ਅਸ਼ਵਨੀ ਕੁਮਾਰ, ਸੁਮਿਤ ਕੁਮਾਰ ਤੇ ਵਿਵੇਕ ਜਾਂਗੜਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।