ਭਾਕਿਯੂ ਕਾਦੀਆਂ ਵਲੋਂ ਐਮ. ਡੀ. ਸ਼ੂਗਰਫੈੱਡ ਮੁਹਾਲੀ ਦੇ ਦਫ਼ਤਰ ਵਿਖੇ 4 ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ-ਬਡਾਲੀ
ਕੁਰਾਲੀ, 1 ਅਗਸਤ (ਬਿੱਲਾ ਅਕਾਲਗੜ੍ਹੀਆ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਰੂਪਨਗਰ ਇਕਾਹੀ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਬਡਾਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਿਛਲੇ ਗੰਨਾ ਸੀਜ਼ਨ ਦੌਰਾਨ ਕੁਦਰਤੀ ਆਫ਼ਤ ਕਾਰਨ ਗੰਨੇ ਦੀ ਫ਼ਸਲ ਨੂੰ ਹੋਏ ਭਾਰੀ ਨੁਕਸਾਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਕੁਰਾਲੀ, 1 ਅਗਸਤ (ਬਿੱਲਾ ਅਕਾਲਗੜ੍ਹੀਆ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਰੂਪਨਗਰ ਇਕਾਹੀ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਬਡਾਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਿਛਲੇ ਗੰਨਾ ਸੀਜ਼ਨ ਦੌਰਾਨ ਕੁਦਰਤੀ ਆਫ਼ਤ ਕਾਰਨ ਗੰਨੇ ਦੀ ਫ਼ਸਲ ਨੂੰ ਹੋਏ ਭਾਰੀ ਨੁਕਸਾਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਉਸ ਸਮੇਂ ਕੁਦਤਰੀ ਕਰੋਪੀ ਕਾਰਨ ਪੂਰੇ ਸੂਬੇ ‘ਚ ਗੰਨੇ ਦਾ ਝਾੜ ਕਾਫ਼ੀ ਘੱਟ ਰਿਹਾ ਸੀ, ਜਿਸ ਦੇ ਨਤੀਜੇ ਵਜੋਂ ਜਿਨ੍ਹਾਂ ਕਿਸਾਨਾਂ ਨੇ ਸਹਿਕਾਰੀ ਖੰਡ ਮਿੱਲ ਮੋਰਿੰਡਾ ‘ਚ ਗੰਨੇ ਦਾ ਬਾਂਡ ਕਰਵਾਇਆ ਸੀ, ਉਹ ਆਪਣੇ ਬਾਂਡ ਅਨੁਸਾਰ 85 ਫ਼ੀਸਦੀ ਗੰਨੇ ਦੀ ਸਪਲਾਈ ਪੂਰੀ ਨਹੀਂ ਕਰ ਸਕੇ। ਉਨ੍ਹਾਂ ਦੋਸ਼ ਲਗਾਇਆ ਕਿ ਸਹਿਕਾਰੀ ਸ਼ੂਗਰ ਮਿੱਲ ਮੋਰਿੰਡਾ ਵਲੋਂ ਗੰਨਾ ਕਾਸ਼ਤਕਾਰਾਂ ਦੇ ਲਗਭਗ 98 ਲੱਖ ਰੁ. ਪੈਨਲਟੀ ਦੇ ਨਾਂਅ ‘ਤੇ ਕੱਟ ਲਏ ਗਏ ਹਨ, ਜਿਸ ਨਾਲ ਕਿਸਾਨਾਂ ‘ਤੇ ਭਾਰੀ ਆਰਥਿਕ ਬੋਝ ਪਿਆ ਹੈ, ਜੋ ਕਿ ਕਿਸਾਨਾਂ ਨਾਲ ਸਰਾਸਰ ਧੱਕਾ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਪਿਛਲੇ ਚਾਰ ਮਹੀਨਿਆਂ ਤੋਂ ਐੱਮ. ਡੀ. ਸ਼ੂਗਰਫੈਡ, ਕੇਨ ਕਮਿਸ਼ਨਰ ਪੰਜਾਬ ਅਤੇ ਖੰਡ ਮਿੱਲ ਮੋਰਿੰਡਾ ਦੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਇਸ ਨਾਜਾਇਜ਼ ਕਟੌਤੀ ਦੇ ਵਿਰੋਧ ‘ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਗੰਨਾ ਕਾਸ਼ਤਕਾਰਾਂ ਵਲੋਂ 4 ਅਗਸਤ ਨੂੰ ਸਵੇਰੇ 11 ਵਜੇ ਐੱਮ. ਡੀ. ਸ਼ੂਗਰਫੈਡ ਦੇ ਮੁਹਾਲੀ ਦੇ ਫੇਜ਼-2 ਸਥਿਤ ਦਫ਼ਤਰ (ਬਸੀ ਥੀਏਟਰ ਦੇ ਸਾਹਮਣੇ) ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਇਕ ਮੰਗ-ਪੱਤਰ ਵੀ ਸੌਂਪਿਆ ਜਾਵੇਗਾ, ਜਿਸ ਰਾਹੀਂ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਪੈਨਲਟੀ ਦੀ ਕਟੌਤੀ ਤੁਰੰਤ ਵਾਪਸ ਲੈ ਕੇ ਕਿਸਾਨਾਂ ਨੂੰ ਇਨਸਾਫ਼ ਦਿੱਤਾ ਜਾਵੇ। ਮੀਟਿੰਗ ‘ਚ ਜਥੇਬੰਦੀ ਨੇ ਆਪਣੇ ਸਮੂਹ ਮੈਂਬਰਾਂ ਅਤੇ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ‘ਚ 4 ਅਗਸਤ ਸਵੇਰੇ 11 ਵਜੇ ਐੱਮ. ਡੀ. ਸ਼ੂਗਰਫੈਡ ਦੇ ਮੁਹਾਲੀ ਸਥਿਤ ਦਫ਼ਤਰ ਵਿਖੇ ਪਹੁੰਚ ਕੇ ਇਸ ਸੰਘਰਸ਼ ਨੂੰ ਕਾਮਯਾਬ ਬਣਾਉਣ।