ਚੰਡੀਗੜ੍ਹ, 26 ਜੁਲਾਈ (ਪ੍ਰੋ. ਅਵਤਾਰ ਸਿੰਘ)- ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ। ਇਸ ਬਾਰੇ ਜਾਣਕਾਰੀ ਪਾਰਟੀ ਦੇ ਮੁੱਖ ਬੁਲਾਰੇ ਗੋਪਾਲ ਸਿੰਘ ਸਿੱਧੂ ਵਲੋਂ ਦਿੰਦਿਆਂ ਦੱਸਿਆ ਕਿ ਕੇਂਦਰ ਅਤੇ ਦਿੱਲੀ ਸਰਕਾਰਾਂ ਵਲੋਂ ਪੰਜਾਬ ਦੇ ਆਰਥਿਕ, ਸਮਾਜਿਕ, ਧਾਰਮਿਕ ਤੇ ਰਾਜਨੀਤਕ ਅਧਿਕਾਰਾਂ ਉੱਤੇ ਕੀਤੇ ਜਾ ਰਹੇ ਲਗਾਤਾਰ ਹਮਲਿਆਂ ਤੇ ਧੱਕੇਸ਼ਾਹੀਆਂ ਉੱਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਪੰਜਾਬ ਦੇ ਹੱਕਾਂ, ਸਵੈ ਮਾਣ ਅਤੇ ਹਿੱਤਾਂ ਦੀ ਰਾਖੀ ਲਈ ਹਰ ਮੋਰਚੇ ’ਤੇ ਡੱਟ ਕੇ ਲੜਾਈ ਲੜੇਗਾ। ਪਾਰਟੀ ਲੀਡਰਸ਼ਿਪ ਨੇ ਸਰਬ ਸੰਮਤੀ ਨਾਲ ਇਹ ਬੁਲੰਦ ਫੈਸਲਾ ਲਿਆ ਹੈ ਕੇ ਸ਼੍ਰੋਮਣੀ ਅਕਾਲੀ ਦਲ (ਅ) ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੂਰੇ ਉਤਸ਼ਾਹ, ਤਾਕਤ, ਇਮਾਨਦਾਰੀ ਅਤੇ ਨਿਡਰਤਾ ਨਾਲ ਇਕੱਲਿਆਂ ਲੜੇਗਾ। ਪਾਰਟੀ ਪੰਜਾਬ ਦੇ ਹਰ ਹਲਕੇ ਵਿਚ ਆਪਣੇ ਜੁਝਾਰੂ ਇਮਾਨਦਾਰ ਅਤੇ ਲੋਕ ਨੁਮਾਇੰਦਿਆਂ ਨੂੰ ਚੋਣ ਮੈਦਾਨ ਵਿਚ ਉਤਾਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਨੇ ਹਮੇਸ਼ਾ ਪੰਥਕ ਏਕਤਾ ਅਤੇ ਪੰਜਾਬ ਦੇ ਭਲੇ ਵਾਸਤੇ ਪਹਿਲ ਕਦਮੀ ਕੀਤੀ ਪਰ ਵਿਰੋਧੀ ਧਿਰਾਂ ਅਤੇ ਬਾਕੀ ਪੰਥਕ ਧੜਿਆਂ ਨੇ ਇਸ ਦਾ ਕੋਈ ਸਾਰਥਕ ਹੁੰਗਾਰਾ ਨਹੀਂ ਭਰਿਆ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਬਾਕੀ ਧੀਰਾਂ ਆਪਣੇ ਨਿਜੀ ਹਿੱਤਾਂ ਕਰਕੇ ਪੰਥ ਵਾਸਤੇ ਇਕੱਠੇ ਹੋਣ ਤੋਂ ਪਿੱਛੇ ਹੱਟ ਗਈਆਂ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਯਾਦ ਦਵਾਇਆ ਗਿਆ ਕਿ ਪਿਛਲੇ 40 ਸਾਲਾਂ ਦੇ ਰਾਜਨੀਤਿਕ ਸਫਰ ਵਿਚ ਪਾਰਟੀ ਅਤੇ ਇਸ ਦੀ ਲੀਡਰਸ਼ੀਪ ਨੇ ਪੰਜਾਬ ਅਤੇ ਪੰਥ ਵਾਸਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ (ਅ) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਮੂਹ ਪੰਜਾਬੀਆਂ ਨੂੰ ਗੁਜ਼ਾਰਿਸ਼ ਕੀਤੀ ਕਿ ਹੁਣ ਇਹ ਪੰਜਾਬੀਆਂ ਦੀ ਮਰਜ਼ੀ ਹੈ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸ਼ਾਨਦਾਰ ਰਵਾਇਤਾਂ ਉੱਤੇ ਚੱਲਣਾ ਹੈ ਜਾਂ ਦਿੱਲੀ ਦੇ ਰਿਮੋਟ ਕੰਟਰੋਲ ਥੱਲ੍ਹੇ ਚੱਲਣ ਵਾਲੀਆਂ ਪਾਰਟੀਆਂ ਦਾ ਸਾਥ ਦੇਣਾ ਹੈ। ਪਾਰਟੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਅੰਤਿਮ ਚਰਨ ਵਿਚ ਹੈ। ਬਹੁਤ ਹੀ ਜਲਦ ਪਾਰਟੀ ਆਪਣੇ ਯੋਗ ਸਮਰਪਿਤ ਅਤੇ ਨਿਡਰ ਉਮੀਦਵਾਰਾਂ ਦੀ ਪਹਿਲੀ ਸੂਚੀ ਪੰਜਾਬ ਦੀ ਸੰਗਤ ਅਤੇ ਆਮ ਜਨਤਾ ਦੇ ਸਾਹਮਣੇ ਜਾਰੀ ਕਰੇਗੀ। ਇਸ ਮੀਟਿੰਗ ਵਿਚ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ, ਜਨਰਲ ਸਕੱਤਰ ਪ੍ਰੋ. ਮਹਿੰਦਰ ਪਾਲ ਸਿੰਘ, ਕੁਸ਼ਲਪਾਲ ਸਿੰਘ, ਗੁਰਜੰਟ ਸਿੰਘ ਕੱਟੂ, ਕਰਨੈਲ ਸਿੰਘ ਨਾਰੀਕੇ, ਡਾ. ਹਰਜਿੰਦਰ ਸਿੰਘ ਜਾਖੂ, ਪੀ.ਏ.ਸੀ ਮੈਂਬਰ ਪਰਮਿੰਦਰ ਸਿੰਘ, ਹਰਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਸੁਖਜੀਤ ਕੌਰ, ਕਿਸਾਨ ਵਿੰਗ ਪ੍ਰਧਾਨ ਗੁਰਦੇਵ ਸਿੰਘ ਪੱਪੂ,ਯੂਥ ਵਿੰਗ ਪ੍ਰਧਾਨ ਤੇਜਿੰਦਰ ਸਿੰਘ ਦਿਓਲ ਆਦਿ ਹਾਜ਼ਰ ਸਨ।