ਚੰਡੀਗੜ੍ਹ, 26 ਜੁਲਾਈ (ਅਜਾਇਬ ਸਿੰਘ ਔਜਲਾ)-‘‘ਰੰਗ ਮੰਚ (ਥੀਏਟਰ) ਕੀਤਾ ਅਦਾਕਾਰੀ ਦੇ ਖੇਤਰ ਵਿਚ ਵਧੇਰੇ ਕਾਰਗਰ ਸਾਬਤ ਹੋਇਆ ਹੈ, ਉਥੇ ਅਭਿਨੈ ਦੀਆਂ ਬਰੀਕੀਆਂ ਨੂੰ ਸਿੱਖਣ ਦਾ ਵੀ ਵਧੀਆ ਸਬੱਬ ਬਣਿਆ’’ ਇਹ ਗੱਲ ਅੱਜ ਇੱਥੇ ਲੰਬੇ ਸਮੇਂ ਤੋਂ ਰੰਗ- ਮੰਚ ਅਤੇ ਅਦਾਕਾਰੀ ਖੇਤਰ ਵਿਚ ਜੁੜੀ ਪ੍ਰਤਿਭਾਵਾਨ ਫ਼ਨਕਾਰਾ ਨੈਨਾ ਘਈ ਵਲੋਂ ਸਾਂਝੀ ਕੀਤੀ ਗਈ। ਪੰਜਾਬੀ ਥੀਏਟਰ ਅਤੇ ਫਿਲਮਾਂ ਨੂੰ ਦੇਸ਼ ਵਿਦੇਸ਼ ਵਿਚ ਮਿਲਦੇ ਭਰਵੇਂ ਹੁੰਗਾਰੇ ’ਤੇ ਗੱਲ ਕਰਦਿਆਂ ਨੈਨਾ ਨੇ ਕਿਹਾ ਕਿ ਫ਼ਨਕਾਰ ਹੱਦਾਂ, ਸਰਹੱਦਾਂ ਵਿਚ ਨਹੀਂ ਬੱਝੇ ਹੁੰਦੇ। ਸਰਹੰਦ ਵਿਖੇ ਪਿਤਾ ਮਹਾਂਵੀਰ ਅਤੇ ਮਾਤਾ ਸ੍ਰੀਮਤੀ ਨੀਲਮ ਰਾਣੀ ਦੇ ਘਰ ਜਨਮੀ ਨੈਨਾ ਨੇ ਇਕ ਸਵਾਲ ਦੇ ਜਵਾਬ ’ਚ ਦੱਸਿਆ ਕਿ ਉਸ ਨੇ ਏਅਰ ਹੋਸਟਸ ਬਣਨ ਦੀ ਤਾਲੀਮ ਲਈ ਪਰ ਅਦਾਕਾਰੀ ਪ੍ਰਤੀ ਵਧੇਰੇ ਸ਼ੌਂਕ ਹੋਣ ਕਾਰਨ ਉਹ ਅਭਿਨੈ ਖੇਤਰ ਵਿਚ ਸਰਗਰਮ ਹੋ ਗਈ ਤੇ ਉਸ ਨੂੰ ਟੀਵੀ ਲੜੀਵਾਰ ‘ਸੱਚ’ ਦੇ ਵਿਚ ਲੀਡ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਨੈਨਾ ਘਈ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪ੍ਰਸਿੱਧ ਗਾਇਕ, ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਗਿੱਪੀ ਗਰੇਵਾਲ ਦੀ ਫਿਲਮ ‘ਵਾਰਨਿੰਗ -2’ ਵਿਚ ਇਕ ਕਰੈਕਟਰ ਭੂਮਿਕਾ ਨਿਭਾਈ। ਉਪਰੰਤ ਪ੍ਰਸਿੱਧ ਅਦਾਕਾਰ ਦੇਵ ਖਰੌੜ ਤੇ ਜਪੁਜੀ ਖਹਿਰਾ ਨਾਲ ਉਨ੍ਹਾਂ ਨੂੰ ‘ਬਲੈਕੀਆ-2 ’ ਵਿਚ ਵੀ ਇਕ ਸਾਰਥਕ ਭੂਮਿਕਾ ਨਿਭਾਉਣ ਦਾ ਵਧੀਆ ਅਵਸਰ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਪ੍ਰਸਿੱਧ ਡਾਇਰੈਕਟਰ ਸਮੀਪ ਕੰਗ ਦੀ ਫਿਲਮ ‘ਜਿਹਨੇ ਮੇਰਾ ਘਰ ਪੱਟਿਆ’ ਨਵਜੀਤ ਦੀ ਨਿਰਦੇਸ਼ਨਾ ਵਿਚ ਕੰਮ ਕਰਕੇ ਉਸ ਦੇ ਅਭਿਨੈ ਦਾ ਘੇਰਾ ਹੋਰ ਵੀ ਵਿਸ਼ਾਲ ਹੋਇਆ। ਪ੍ਰਸਿੱਧ ਅਦਾਕਾਰ ਮਲਕੀਤ ਰੌਣੀ ਅਤੇ ਰੁਪਿੰਦਰ ਰੂਪੀ ਨਾਲ ਆ ਰਹੀ ਫਿਲਮ ‘ਨੈਨਾ ਦਾ ਵਿਆਹ’ ਤੋਂ ਵੀ ਉਹ ਵਧੇਰੇ ਉਤਸ਼ਾਹਿਤ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਅਦਾਕਾਰੀ ਖੇਤਰ ਵਿਚ ਗੁਣਾਤਮਿਕ ਵਿਚ ਨਹੀਂ ਸਗੋਂ ਗੁਣਵੱਤਾ ਵਿਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਜ਼ੁਬਾਨ ਵਿਚ ਆਪਣਾਪਨ ਵਧੇਰੇ ਹੈ, ਇਸੇ ਕਰਕੇ ਉਹ ਰੰਗਮੰਚ (ਥੀਏਟਰ) ਪੰਜਾਬੀ ਸਿਨੇਮਾ ਨਾਲ ਸ਼ਿੱਦਤ ਨਾਲ ਜੁੜੀ ਹੋਈ ਹੈ।