ਚੰਡੀਗੜ੍ਹ, 26 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦੋ ਪ੍ਰਸਿੱਧ ਸਾਬਕਾ ਵਿਦਿਆਰਥੀ, ਰਾਸ਼ਟਰੀ ਪੁਰਸਕਾਰ ਜੇਤੂ ਗੀਤਕਾਰ ਡਾ. ਇਰਸ਼ਾਦ ਕਾਮਿਲ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਸੂਫੀ ਗਾਇਕ-ਕਵੀ ਡਾ. ਸਤਿੰਦਰ ਸਰਤਾਜ, ਪੰਜਾਬ ਯੂਨੀਵਰਸਿਟੀ ਐਲੂਮਨੀ ਐਸੋਸੀਏਸ਼ਨ ਅਤੇ ਚੰਡੀਗੜ੍ਹ ਸਿਟੀਜ਼ਨਜ਼ ਫਾਊਂਡੇਸ਼ਨ ਦੁਆਰਾ ਕਰਵਾਏ ਸਾਂਝੇ ਤੌਰ ’ਤੇ ਪ੍ਰੋਗਰਾਮ ‘ਲਫਜ਼ ਸੁਰ ਔਰ ਸਫ਼ਰ’ ਵਿਚ ਸ਼ਾਮਲ ਹੋਏ, ਜਿਸ ਨੂੰ ਇਕ ਰਵਾਇਤੀ ਸਟੇਜ ਪ੍ਰੋਗਰਾਮ ਦੀ ਬਜਾਏ ਇਕ ਦਿਲਚਸਪ ਗੱਲਬਾਤ ਦੇ ਰੂਪ ਵਿਚ ਤਿਆਰ ਕੀਤਾ ਗਿਆ। ਸੈਸ਼ਨ ਨੇ ਰਚਨਾਤਮਕ ਯਾਤਰਾਵਾਂ, ਪਰਿਭਾਸ਼ਿਤ ਪਲਾਂ ਅਤੇ ਨਿੱਜੀ ਅਨੁਭਵਾਂ ਦੀ ਪੜਚੋਲ ਕੀਤੀ। ਗੱਲਬਾਤ ਦਾ ਸੰਚਾਲਨ ਪ੍ਰੋ. ਪੁਸ਼ਪਿੰਦਰ ਸਿਆਲ ਅਤੇ ਪ੍ਰੋ. ਅਰਚਨਾ ਆਰ. ਸਿੰਘ ਦੁਆਰਾ ਕੀਤਾ ਗਿਆ। ਇਸ ਮੌਕੇ ਪੀ.ਯੂ ਦੀ ਉਪ ਕੁਲਪਤੀ ਪ੍ਰੋ ਰੇਨੂੰ ਵਿਗ, ਰਜਿਸਟਰਾਰ ਪ੍ਰੋ. ਯਜਵੇਂਦਰ ਪਾਲ ਵਰਮਾ, ਅੰਕੁਰ ਸਕੂਲ ਦੇ ਪ੍ਰਧਾਨ ਸੰਦੀਪ ਵਿਗ, ਯੂਨੀਵਰਸਿਟੀ ਭਾਈਚਾਰੇ ਦੇ ਮੈਂਬਰ, ਸਾਬਕਾ ਵਿਦਿਆਰਥੀ ਅਤੇ ਟਰਾਈਸਿਟੀ ਭਰ ਦੇ ਸਾਹਿਤ ਪ੍ਰੇਮੀਆਂ ਹਾਜ਼ਰ ਸਨ। ਡਾ. ਇਰਸ਼ਾਦ ਕਾਮਿਲ ਨੇ ਪੀ.ਯੂ ਵਿਚ ਆਪਣੇ ਸਾਲਾਂ ਨੂੰ ਯਾਦ ਕੀਤਾ, ਜਿੱਥੇ ਉਨ੍ਹਾਂ ਨੇ ਹਿੰਦੀ ਸਾਹਿਤ ਵਿਚ ਆਪਣੀ ਪੀ.ਐੱਚ.ਡੀ. ਪੂਰੀ ਕੀਤੀ। ਯੂਨੀਵਰਸਿਟੀ ਨੂੰ ਉਨ੍ਹਾਂ ਦੇ ਸਾਹਿਤਕ ਸਫ਼ਰ ’ਤੇ ਇੱਕ ਮਹੱਤਵਪੂਰਨ ਪ੍ਰਭਾਵ ਦੱਸਿਆ। ਮੁੰਬਈ ਜਾਣ ਤੋਂ ਬਾਅਦ ਆਪਣੇ ਸ਼ੁਰੂਆਤੀ ਸੰਘਰਸ਼ਾਂ ਬਾਰੇ ਜਾਣਕਾਰੀ ਦਿੱਤੀ। ਡਾ. ਕਾਮਿਲ ਨੇ ਬਾਲੀਵੁੱਡ ਵਿਚ ਪੰਜਾਬੀ ਸਾਹਿਤ ਦੀ ਵਧਦੀ ਮੌਜੂਦਗੀ ਬਾਰੇ ਗੱਲ ਕੀਤੀ। ਉਨ੍ਹਾਂ ਨੇ ਆਪਣੇ ਕਾਵਿ ਸੰਗ੍ਰਹਿ ‘ਏਕ ਮਹਿਨਾ ਨਜ਼ਮੋ ਕਾ’ ਦੇ ਅੰਸ਼ ਵੀ ਪੜ੍ਹੇ। ਡਾ. ਸਤਿੰਦਰ ਸਰਤਾਜ ਨੇ ਪੀ.ਯੂ. ਵਿਚ ਆਪਣੇ ਸਾਲਾਂ ਬਾਰੇ ਗੱਲ ਕੀਤੀ, ਜਿੱਥੇ ਉਨ੍ਹਾਂ ਨੇ ਆਪਣੀ ਮਾਸਟਰ ਡਿਗਰੀ ਅਤੇ ਪੀ.ਐਚ.ਡੀ. ਕੀਤੀ। ਡਾ. ਸਰਤਾਜ ਨੇ ਕਿਹਾ, ‘ਕਵਿਤਾ ਵਰਗੇ ਰਚਨਾਤਮਕ ਰੂਪਾਂ ਦੀ ਕੋਈ ਸੀਮਾ ਨਹੀਂ ਹੁੰਦੀ।’ ਗੀਤਕਾਰੀ ਬਾਰੇ ਕਈ ਸ਼ਬਦ ਬੋਲੇ। ਪੀ.ਯੂ. ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਨੇ ਉਨ੍ਹਾਂ ਦਾ ਪੀ.ਯੂ. ਵਿਚ ਸਵਾਗਤ ਕੀਤਾ। ਇਸ ਤੋਂ ਪਹਿਲਾਂ, ਪ੍ਰੋਗਰਾਮ ਦੀ ਸ਼ੁਰੂਆਤ ਪੀ.ਯੂ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੀ ਗਈ ਸਰਸਵਤੀ ਵੰਦਨਾ ਨਾਲ ਹੋਈ, ਜਿਸ ਤੋਂ ਬਾਅਦ ਡਾ. ਇਰਸ਼ਾਦ ਕਾਮਿਲ ਦੁਆਰਾ ਲਿਖਿਆ ਗਿਆ ਪੀ.ਯੂ ਗੀਤ ਸ਼ਾਨ-ਓ-ਸ਼ੌਕਤ ਪੇਸ਼ ਕੀਤਾ ਗਿਆ।