ਬੁਢਲਾਡਾ, 29 ਜੂਨ (ਸਵਰਨ ਸਿੰਘ ਰਾਹੀ)- ਬੀਤੇ ਦਿਨੀਂ ਸਿੱਧੀ ਭਰਤੀ ਰਾਹੀਂ ਲੈਕਚਰਾਰ ਕੇਡਰ ਦੀਆਂ 1013 ਅਸਾਮੀਆਂ ਭਰਨ ਲਈ ਸਰਕਾਰ ਵਲੋਂ ਦਿੱਤੇ ਇਸ਼ਤਿਹਾਰ ਚ ਪੰਜਾਬੀ, ਅਰਥ ਸ਼ਾਸਤਰ, ਕਾਮਰਸ, ਫਿਜ਼ਿਕਸ, ਭੂਗੋਲ, ਬਾਇਉਲੋਜੀ, ਰਸਾਇਣ ਵਿਗਿਆਨ ਅਤੇ ਗਣਿਤ ਵਿਸ਼ਿਆਂ ‘ਚ ਐਸ. ਸੀ./ਬੀ.ਸੀ. ਵਰਗ ਦਾ ਰਾਖਵਾਂਕਰਨ ਸਿਫ਼ਰ ਕਰ ਦਿੱਤਾ ਗਿਆ ਹੈ, ਜੋ ਕਿ ਰਾਖਵਾਂਕਰਨ ਨੀਤੀ ਦੀ ਸ਼ਰੇਆਮ ਉਲੰਘਣਾ ਹੈ। ਇਹ ਜਾਣਕਾਰੀ ਦਿੰਦਿਆਂ ਐਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਸੀਨੀਅਰ ਆਗੂ ਵਿਜੇ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਯੂਨੀਅਨ ਵਲੋਂ ਇਸ ਸਬੰਧੀ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ਹੇਠ ਪੰਜਾਬ ਪੱਧਰੀ ਮੀਟਿੰਗ ‘ਚ ਲਏ ਗਏ ਫ਼ੈਸਲੇ ਅਧੀਨ ਐਸ. ਸੀ./ਬੀ. ਸੀ. ਵਰਗ ਦੇ ਸੰਵਿਧਾਨਿਕ ਹੱਕ ਬਚਾਉਣ ਲਈ 10 ਜੁਲਾਈ ਨੂੰ ਡਾਇਰੈਕਟਰ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੇ ਦਫ਼ਤਰ ਫ਼ੇਜ਼-1, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਰੋਸ ਧਰਨਾ ਦਿੰਦੇ ਹੋਏ ਭਲਾਈ ਮੰਤਰੀ ਪੰਜਾਬ, ਸਕੱਤਰ ਭਲਾਈ ਵਿਭਾਗ ਅਤੇ ਡਾਇਰੈਕਟਰ ਭਲਾਈ ਵਿਭਾਗ ਪੰਜਾਬ ਦੇ ਪੁਤਲੇ ਫੂਕੇ ਜਾਣਗੇ। ਉਕਤ ਆਗੂਆਂ ਨੇ ਪੰਜਾਬ ਦੇ ਐਸ. ਸੀ./ਬੀ. ਸੀ. ਵਰਗ ਦੇ ਹਿਤਾਂ ਲਈ ਕੰਮ ਕਰਦੇ ਸਮਾਜਿਕ ਸੰਗਠਨਾਂ, ਵਿਦਿਆਰਥੀ ਅਤੇ ਹੋਰ ਇਨਸਾਫ਼ ਪਸੰਦ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਸਿੱਖਿਆ ਵਿਭਾਗ ਪੰਜਾਬ ਅਤੇ ਸਰਕਾਰ ਦੇ ਮਾੜੇ ਮਨਸੂਬਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਸੰਘਰਸ਼ ਦੀ ਹਮਾਇਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਅਤੇ ਸਰਕਾਰ ਦੀ ਇਸ ਸਾਜ਼ਿਸ਼ ਪੂਰਨ ਨੀਤੀ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਅਤੇ ਭਲਾਈ ਮੰਤਰੀ ਪੰਜਾਬ ਦੇ ਢਿੱਲਮੱਠ ਵਾਲੇ ਵਤੀਰੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ। ਇਸ ਮੌਕੇ ਸੂਬਾ ਸਕੱਤਰ ਜਨਰਲ ਬਲਵਿੰਦਰ ਲਤਾਲਾ, ਲਛਮਣ ਸਿੰਘ ਨਬੀਪੁਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਆਗੂ ਤੇ ਵਰਕਰ ਹਾਜ਼ਰ ਸਨ।
-ਲੈਕਚਰਾਰ ਭਰਤੀ ‘ਚ ਰਾਖਵਾਂਕਰਨ ਲਾਗੂ ਨਾ ਕਰਨ ਦਾ ਮਾਮਲਾ- ਐਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਫੂਕੇਗੀ ਭਲਾਈ ਮੰਤਰੀ, ਸਕੱਤਰ ਅਤੇ ਡਾਇਰੈਕਟਰ ਦੇ ਪੁਤਲੇ
ਅਜੀਤ ਡੈਸਕ
30-06-2026