ਸੀਗੋ ਮੰਡੀ, 12 ਜੁਲਾਈ (ਲਕਵਿੰਦਰ ਸ਼ਰਮਾ)- ਭਾਰਤ ਚੋਣ ਕਮਿਸ਼ਨ ਵਲੋਂ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਮੁਹਿੰਮ ਤਹਿਤ ਅੱਜ ਛੁੱਟੀ ਵਾਲੇ ਦਿਨ ਕਸਬੇ ਦੇ ਵੱਖ-ਵੱਖ ਪਿੰਡਾਂ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ ਵਿਚ ਵੋਟਰਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਿਸ ਵਿਚ ਬੀ. ਐਲ.ਓ.ਅਤੇ ਪਿੰਡਾਂ ਦੀਆਂ ਆਂਗਣਵਾੜੀ ਵਰਕਰਾਂ ਨੇ ਫਾਰਮ ਆਨਲਾਈਨ ਕਰਨ ਲਈ ਪੂਰਾ ਸਹਿਯੋਗ ਦਿੱਤਾ ਸਵੇਰ ਤੋਂ ਹੀ ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਸਮੇਤ ਵੱਡੀ ਗਿਣਤੀ ਵਿੱਚ ਵੋਟਰ ਕੈਂਪ ਵਿਚ ਪਹੁੰਚ ਕੇ ਆਪਣੀ ਵੋਟਰ ਸੂਚੀ ਸਬੰਧੀ ਕਾਰਵਾਈ ਕਰਵਾ ਰਹੇ ਹਨ। ਭਾਵੇਂ ਕਿ ਅਧਿਆਪਕਾਂ ਵਿਚ ਅੱਜ ਛੁੱਟੀ ਵਾਲੇ ਦਿਨ ਕੈਂਪ ਲਾਉਣ ਦੇ ਦਿੱਤੀ ਹੁਕਮਾਂ ਸਬੰਧੀ ਰੋਸ ਪਾਇਆ ਜਾ ਰਿਹਾ ਸੀ, ਪਰ ਨਾਲ ਆਂਗਣਵਾੜੀ ਵਰਕਰਾਂ ਦਾ ਸਹਿਯੋਗ ਮਿਲਣ ਕਰਕੇ ਉਨ੍ਹਾਂ ਨੇ ਥੋੜਾ ਰਾਹਤ ਮਹਿਸੂਸ ਕੀਤੀ। ਇਸ ਸਬੰਧੀ ਸਰਕਲ ਸੁਪਰਵਾਈਜ਼ਰ ਪਰਮਪਾਲ ਕੌਰ, ਸੁਖਪਾਲ ਕੌਰ, ਸਿਮਰਜੀਤ ਕੌਰ ਨੇ ਦੱਸਿਆ ਕਿ ਤਲਵੰਡੀ ਸਾਬੋ ਦੇ ਸੀ.ਡੀ.ਪੀ.ਓ. ਇੰਚਾਰਜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਂਗਣਵਾੜੀ ਵਰਕਰਾਂ ਨੇ ਉਕਤ ਕੈਂਪਾਂ ਵਿਚ ਦੋ ਦਿਨ ਪੂਰਾ ਸਹਿਯੋਗ ਦਿੱਤਾ ਹੈ। ਕੈਂਪ ਦੌਰਾਨ ਬੀ.ਐਲ.ਓ. ਗੁਰਮੇਲ ਸਿੰਘ, ਬੀਰਬਲ ਸਿੰਘ ਅਤੇ ਬੀ.ਐਲ.ਓ. ਗੁਰਸੇਵਕ ਸਿੰਘ ਅਤੇ ਸਹਾਇਕ ਪੁਖਰਾਜ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੀ ਪਾਰਦਰਸ਼ਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2003 ਦੀ ਵੋਟਰ ਸੂਚੀ ਦੇ ਆਧਾਰ ‘ਤੇ ਮੈਪਿੰਗ ਕੀਤੀ ਜਾ ਰਹੀ ਹੈ ਅਤੇ ਵੋਟਰਾਂ ਦੇ ਵੇਰਵਿਆਂ ਦੀ ਪੁਸ਼ਟੀ ਲਈ ਲੋੜੀਂਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੈਂਪ ‘ਚ ਪਹੁੰਚਣ ਵਾਲੇ ਹਰ ਵੋਟਰ ਦੀ ਪੂਰੀ ਸਹਾਇਤਾ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ। ਉਨ੍ਹਾਂ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਿਤ ਸਮੇਂ ਅੰਦਰ ਕੈਂਪ ਵਿਚ ਪਹੁੰਚ ਕੇ ਆਪਣੇ ਵੇਰਵਿਆਂ ਦੀ ਜਾਂਚ ਕਰਵਾਉਣ ਅਤੇ ਲੋੜੀਂਦੀ ਕਾਰਵਾਈ ਜ਼ਰੂਰ ਪੂਰੀ ਕਰਨ। ਉਨ੍ਹਾਂ ਕਿਹਾ ਕਿ ਵੋਟਰਾਂ ਦਾ ਸਹਿਯੋਗ ਇਸ ਮੁਹਿੰਮ ਦੀ ਸਫਲਤਾ ਲਈ ਬਹੁਤ ਮਹੱਤਵਪੂਰਨ ਹੈ। ਪਿੰਡ ਵਾਸੀਆਂ ਨੇ ਵੀ ਕੈਂਪ ਨੂੰ ਲਾਹੇਵੰਦ ਦੱਸਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਪਿੰਡ ਵਿਚ ਹੀ ਸਹੂਲਤ ਮਿਲ ਰਹੀ ਹੈ ਅਤੇ ਵੋਟਰ ਸੂਚੀ ਨਾਲ ਸਬੰਧਿਤ ਕੰਮ ਆਸਾਨੀ ਨਾਲ ਕਰਵਾਏ ਜਾ ਰਹੇ ਹਨ। ਕੈਂਪ ਦੌਰਾਨ ਲੋਕਾਂ ਦੀ ਲਗਾਤਾਰ ਆਮਦ ਰਹੀ ਅਤੇ ਪੂਰਾ ਕੰਮ ਸੁਚਾਰੂ ਢੰਗ ਨਾਲ ਜਾਰੀ ਰਿਹਾ।
ਛੁੱਟੀ ਵਾਲੇ ਦਿਨ ਕਸਬੇ ਦੇ ਪਿੰਡਾਂ ’ਚ ਐੱਸ. ਆਈ. ਆਰ. ਕੈਂਪ ਦੌਰਾਨ ਵੋਟਰਾਂ ਦੀ ਭਾਰੀ ਆਮਦ
ਅਜੀਤ ਡੈਸਕ
13-07-2026