ਨੌਜਵਾਨ ਨੂੰ ਕਣਕ ਚੋਰੀ ਦੇ ਦੋਸ਼ ਵਿਚ ਲੋਕਾਂ ਨੇ ਕੀਤਾ ਕਾਬੂ
ਅਜੀਤ ਡੈਸਕ
06-04-2026
ਗੋਨਿਆਣਾ, 5 ਅਪ੍ਰੈਲ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ਵਿਚ ਇੱਕ ਨੌਜਵਾਨ ਨੂੰ ਕਣਕ ਚੋਰੀ ਦੇ ਦੋਸ਼ ਵਿਚ ਲੋਕਾਂ ਵਲੋਂ ਕਾਬੂ ਕੀਤਾ ਗਿਆ ਅਤੇ ਇਸ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ | ਵਾਇਰਲ ਹੋ ਰਹੀ ਵੀਡੀਓ ਵਿਚ ਨੌਜਵਾਨ ਨੇ ਚੋਰੀ ਦੀ ਵਜ੍ਹਾ ਨਸ਼ੇ ਦੀ ਲਤ ਨੂੰ ਦੱਸਦਿਆਂ ਕਈ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ, ਜਿਸ ਨਾਲ ਸਾਰੇ ਇਲਾਕੇ ਵਿਚ ਚਰਚਾ ਦਾ ਮਾਹੌਲ ਬਣ ਗਿਆ ਹੈ | ਨੌਜਵਾਨ ਦਾ ਦਾਅਵਾ ਹੈ ਕਿ ਉਹ ਲਾਈਨੋਪਾਰ ਇਲਾਕੇ ਤੋਂ ਲਗਾਤਾਰ ਨਸ਼ਾ ਖ਼ਰੀਦਦਾ ਰਿਹਾ ਹੈ ਅਤੇ ਉਸ ਨੇ ਇਹ ਵੀ ਦੱਸਿਆ ਕਿ ਕਿਹੜੇ ਵਿਅਕਤੀ ਤੋਂ ਅਤੇ ਕਿੰਨੇ ਪੈਸਿਆਂ ਵਿਚ ਉਸਨੂੰ ਨਸ਼ਾ (ਚਿੱਟਾ) ਮਿਲਦਾ ਸੀ | ਇਸ ਖ਼ੁਲਾਸੇ ਨੇ ਸਿਰਫ਼ ਚੋਰੀ ਦੇ ਮਾਮਲੇ ਨੂੰ ਹੀ ਨਹੀਂ, ਸਗੋਂ ਗੋਨਿਆਣਾ ਮੰਡੀ ਵਿਚ ਚੱਲ ਰਹੇ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਵੀ ਬੇਨਕਾਬ ਕਰਨ ਵੱਲ ਇਸ਼ਾਰਾ ਕੀਤਾ ਹੈ | ਸਥਾਨਕ ਲੋਕਾਂ ਵਿਚ ਗ਼ੁੱਸਾ ਤੇ ਡਰ ਦੋਵੇਂ ਦੇਖਣ ਨੂੰ ਮਿਲ ਰਹੇ ਹਨ, ਕਿਉਂਕਿ ਉਹ ਮੰਨਦੇ ਹਨ ਕਿ ਜੇ ਇਹ ਦਾਅਵੇ ਸੱਚ ਹਨ ਤਾਂ ਇਲਾਕੇ ਵਿਚ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ | ਇਸ ਮਾਮਲੇ ਤੋਂ ਬਾਅਦ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੀ ਗੰਭੀਰ ਸਵਾਲ ਖੜੇ ਕੀਤੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਜੇ ਨਸ਼ੇ ਦੀ ਸਪਲਾਈ ਐਨੀ ਆਸਾਨੀ ਨਾਲ ਹੋ ਰਹੀ ਸੀ ਤਾਂ ਪੁਲਿਸ ਦੀ ਨਿਗਰਾਨੀ ਕਿੱਥੇ ਸੀ | ਵਾਇਰਲ ਵੀਡੀਓ ਨੇ ਲੋਕਾਂ ਦੇ ਗ਼ੁੱਸੇ ਨੂੰ ਹੋਰ ਭੜਕਾ ਦਿੱਤਾ ਹੈ ਅਤੇ ਪੁਲਿਸ ਇਸ ਮਾਮਲੇ ਵਿਚ ਕੀ ਕਾਰਵਾਈ ਕਰਦੀ ਹੈ | ਇਲਾਕੇ ਦੇ ਕਈ ਲੋਕਾਂ ਨੇ ਮੰਗ ਕੀਤੀ ਹੈ ਕਿ ਨੌਜਵਾਨ ਵਲੋਂ ਕੀਤੇ ਖ਼ੁਲਾਸਿਆਂ ਦੀ ਗੰਭੀਰ ਜਾਂਚ ਹੋਣੀ ਚਾਹੀਦੀ ਹੈ |
ਘਰ ਅੰਦਰ ਦਾਖ਼ਲ ਹੋ ਕੇ ਕੀਤੀ ਕੁੱਟਮਾਰ, ਇਕ ਜ਼ਖ਼ਮੀ
ਰਾਮਾਂ ਮੰਡੀ, 5 ਅਪ੍ਰੈਲ (ਤਰਸੇਮ ਸਿੰਗਲਾ)-ਨੇੜਲੇ ਪਿੰਡ ਕਮਾਲੂ ਵਿਖੇ ਦੋ ਵਿਅਕਤੀਆਂ ਵਲੋਂ ਹਰਦੇਵ ਸਿੰਘ ਦੇ ਘਰ ਵਿਚ ਦਾਖਲ ਹੋ ਕੇ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ¢ ਜ਼ਖ਼ਮੀ ਹਰਦੇਵ ਸਿੰਘ ਵਾਸੀ ਪਿੰਡ ਕਮਾਲੂ ਨੇ ਰਾਮਾਂ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਪਿੰਡ ਦੇ ਹੀ ਲਖਵਿੰਦਰ ਸਿੰਘ ਅਤੇ ਗੋਰਾ ਸਿੰਘ ਨੇ ਉਸ ਦੇ ਘਰ ਵਿਚ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਹੈ¢ ਰੰਜਿਸ਼ ਦਾ ਕਾਰਨ ਉਸ ਨੇ ਉਕਤ ਦੋਵੇਂ ਵਿਅਕਤੀਆਂ ਨਾਲ ਉਸ ਦੀ ਬੀਤੇ ਦਿਨੀਂ ਮਾਮੂਲੀ ਤਕਰਾਰ ਹੋਣਾ ਦੱਸਿਆ ਹੈ¢ ਰਾਮਾਂ ਪੁਲਿਸ ਨੇ ਲਖਵਿੰਦਰ ਸਿੰਘ ਅਤੇ ਗੋਰਾ ਸਿੰਘ ਵਾਸੀਆਨ ਕਮਾਲੂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ¢ ਮਾਮਲੇ ਦੀ ਜਾਂਚ ਹੌਲਦਾਰ ਸੁਖਦੀਪ ਸਿੰਘ ਕਰ ਰਹੇ ਹਨ¢
ਫੁੱਟਬਾਲ ਟੂਰਨਾਮੈਂਟ 11 ਤੋਂ ਸ਼ੁਰੂ
ਮਾਨਸਾ, 5 ਅਪ੍ਰੈਲ (ਸੱਭਿ.ਪ੍ਰਤੀ)-ਮਾਨਸਾ ਫੁੱਟਬਾਲ ਕਲੱਬ ਵਲੋਂ ਸਥਾਨਕ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਫੁੱਟਬਾਲ ਟੂਰਨਾਮੈਂਟ 11 ਅਪ੍ਰੈਲ ਤੋਂ ਕਰਵਾਇਆ ਜਾ ਰਿਹਾ ਹੈ | ਕਲੱਬ ਦੇ ਅਹੁਦੇਦਾਰ ਪ੍ਰੀਤ ਸੁਰਿੰਦਰ ਸੋਹੀ, ਦੀਪਕ ਤੁਰਕੀਆ, ਗੁਰਸੇਵਕ ਸਿੰਘ, ਗੁਰਬਖ਼ਸ਼ ਨੈਬੂ, ਭੁਪਿੰਦਰ ਸਿੰਘ ਬੀਰਵਾਲ, ਗੁਰਪ੍ਰੀਤ ਸਿੰਘ ਚੀਨਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ 'ਚ ਪੰਜਾਬ ਅਤੇ ਹਰਿਆਣੇ ਦੀਆਂ ਟੀਮਾਂ ਭਾਗ ਲੈਣਗੀਆਂ | ਉਨ੍ਹਾਂ ਦੱਸਿਆ ਕਿ ਪਿੰਡ ਦੀ ਸਿਰਫ਼ ਇੱਕ ਟੀਮ ਹੀ ਹਿੱਸਾ ਲੈ ਸਕਦੀ ਹੈ |