ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਪੰਜਾਬ ਦੀ ਹਾਲਤ ਬਦਤਰ ਹੋਈ- ਔਲਖ
ਮਾਨਸਾ, 28 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਰ ਕੇ ਪੰਜਾਬ ਦੀ ਹਾਲਤ ਅੱਜ ਹਰ ਪੱਖ ਤੋਂ ਬਦਤਰ ਹੋ ਰਹੀ ਹੈ। ਇਹ ਪ੍ਰਗਟਾਵਾ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਹਲਕੇ ਦੇ ਪਿੰਡ ਅਕਲੀਆ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਮਾਨਸਾ, 28 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਰ ਕੇ ਪੰਜਾਬ ਦੀ ਹਾਲਤ ਅੱਜ ਹਰ ਪੱਖ ਤੋਂ ਬਦਤਰ ਹੋ ਰਹੀ ਹੈ। ਇਹ ਪ੍ਰਗਟਾਵਾ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਹਲਕੇ ਦੇ ਪਿੰਡ ਅਕਲੀਆ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਮੌਜੂਦਾ ‘ਆਪ’ ਸਰਕਾਰ ਨੇ ਸੂਬੇ ਦੇ ਹਿਤਾਂ ਦੀ ਪਹਿਰੇਦਾਰੀ ਨਹੀਂ ਕੀਤੀ, ਜਿਸ ਕਰ ਕੇ ਪੰਜਾਬ ਨਿਘਾਰ ਵੱਲ ਗਿਆ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀ ਹਾਲਤ ਖੇਤਰੀ ਪਾਰਟੀ ਹੀ ਸੁਧਾਰ ਸਕਦੀ ਹੈ। ਸਾਬਕਾ ਵਿਧਾਇਕ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਅਸਫਲ ਸਾਬਤ ਹੋਈ ਹੈ। ਰਾਜ ’ਚ ਅਮਨ ਕਾਨੂੰਨ ਦੀ ਸਥਿਤੀ ਗੜਬੜਾਈ ਹੋਈ ਹੈ, ਨਸ਼ਿਆਂ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਵਧਣ ਦੇ ਨਾਲ ਹੀ ਆਰਥਿਕਤਾ ਲੜਖੜਾ ਗਈ ਹੈ। ਉਨ੍ਹਾਂ ਕਿਹਾ ਕਿ ਅਫ਼ਸੋਸ ਗੁਰੂ-ਪੀਰਾਂ ਦੀ ਧਰਤੀ ’ਤੇ ਧਾਰਮਿਕ ਆਗੂਆਂ ਦੇ ਘਿਨਾਉਣੇ ਦੋਸ਼ ਸਾਹਮਣੇ ਆ ਰਹੇ ਹਨ। ਸ: ਔਲਖ ਨੇ ਕਿਹਾ ਕਿ ਇਸ ਜੰਗਲ ਦੇ ਰਾਜ ’ਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਹੀ ਨਵੀਂ ਸੇਧ ਦੇ ਸਕਦੀ ਹੈ । ਉਨ੍ਹਾਂ ਲੋਕਾਈ ਨੂੰ ਅਪੀਲ ਕੀਤੀ ਕਿ ਸੂਬੇ ਦੀ ਭਲਾਈ ਲਈ ਵਾਰਿਸ ਪੰਜਾਬ ਨੂੰ ਸੱਤਾ ’ਚ ਲਿਆਉਣ। ਇਸ ਮੌਕੇ ਕਈ ਪਰਿਵਾਰਾਂ ਨੇ ਦਲ ’ਚ ਸ਼ਾਮਿਲ ਹੋਣ ਦਾ ਐਲਾਨ ਵੀ ਕੀਤਾ। ਮੀਟਿੰਗ ਨੂੰ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮਨਜੀਤ ਸਿੰਘ ਬੱਪੀਆਣਾ, ਪਰਮਜੀਤ ਸਿੰਘ ਭੀਖੀ, ਹਰਜੀਤ ਸਿੰਘ ਧਿੰਗੜ, ਸੁਖਦੇਵ ਸਿੰਘ ਖਿਆਲਾ, ਸੁਖਵਿੰਦਰ ਸਿੰਘ ਅਕਲੀਆ, ਰਾਜਦੀਪ ਸਿੰਘ ਔਲਖ ਆਦਿ ਨੇ ਸੰਬੋਧਨ ਕੀਤਾ।