ਨੂਰਪੁਰ ਬੇਦੀ, 1 ਜਨਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਨਵੇਂ ਸਾਲ ਦੀ ਆਮਦ ਮੌਕੇ ਧਾਰਮਿਕ ਭਾਵਨਾ ਤੇ ਸੇਵਾ ਸੰਸਕਾਰ ਨੂੰ ਮਜ਼ਬੂਤ ਕਰਦੇ ਹੋਏ ਮਹਾਦੇਵ ਦੇ ਲਾਡਲੇ ਕਾਂਵੜ ਮੰਡਲੀ ਨੂਰਪੁਰ ਬੇਦੀ ਵਲੋਂ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾਂ ਦੇਵੀ ਮੰਦਰ ਨੂੰ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਵਾਸਤੇ ਚਾਹ, ਪਕੌੜਿਆਂ ਦਾ ਲੰਗਰ ਲਗਾਇਆ ਗਿਆ | ਇਸ ਲੰਗਰ ਸੇਵਾ ਰਾਹੀਂ ਸਵੇਰੇ ਤੋਂ ਦੇਰ ਸ਼ਾਮ ਤੱਕ ਰਸਤੇ ਵਿਚ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਗਰਮ ਚਾਹ ਅਤੇ ਪਕੌੜੇ ਪਰੋਸੇ ਗਏ, ਜਿਸ ਨਾਲ ਠੰਢ ਦੇ ਮੌਸਮ ਵਿਚ ਯਾਤਰੀਆਂ ਨੂੰ ਖ਼ਾਸ ਰਾਹਤ ਮਿਲੀ | ਕਾਂਵੜ ਮੰਡਲੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ਸੇਵਾ ਅਤੇ ਭਗਤੀ ਨਾਲ ਕਰਨਾ ਹੀ ਸੱਚੀ ਅਰਦਾਸ ਹੈ | ਇਸ ਮੌਕੇ ਅਭੀ ਹੱਲਣ, ਵਿੱਕੀ ਪੰਡਿਤ, ਨਿਸ਼ੀ ਸੈਣੀ, ਵਿਕਾਸ ਲੂੰਬਾ, ਮਨਜਿੰਦਰ ਸਿੰਘ, ਸਾਹਿਲ ਵਰਮਾ, ਨੀਰਜ, ਕੇਸ਼ੀ ਆਦਿ ਸਮੇਤ ਕਈ ਸਮਾਜ ਸੇਵੀ ਅਤੇ ਨੌਜਵਾਨ ਸੇਵਾਦਾਰ ਹਾਜ਼ਰ ਰਹੇ | ਕਾਂਵੜ ਮੰਡਲੀ ਨੂਰਪੁਰ ਬੇਦੀ ਵਲੋਂ ਆਗਾਮੀ ਸਮੇਂ ਵਿਚ ਵੀ ਇਸ ਤਰ੍ਹਾਂ ਦੀਆਂ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ ਗਿਆ |