ਨੂਰਪੁਰ ਬੇਦੀ, 4 ਜਨਵਰੀ (ਵਿੰਦਰਪਾਲ ਝਾਂਡੀਆਂ)-ਪਿੰਡ ਸੈਣੀਮਾਜਰਾ ਦੀ ਧਰਮਸ਼ਾਲਾ, ਜੋ ਬੀਤੇ ਲੰਮੇ ਸਮੇਂ ਤੋਂ ਜਰਜਰੇ ਹਾਲਤ ਵਿਚ ਪਹੁੰਚ ਚੁੱਕੀ ਸੀ, ਦਾ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਉਪਰੰਤ ਅੱਜ ਇਸ ਦਾ ਉਦਘਾਟਨ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕੀਤਾ | ਇੱਥੇ ਦੱਸ ਦਈਏ ਕਿ ਪਿੰਡ ਵਾਸੀਆਂ ਵਲੋਂ ਲੰਮੇ ਸਮੇਂ ਤੋਂ ਧਰਮਸ਼ਾਲਾ ਦੀ ਮੁਰੰਮਤ ਦੀ ਮੰਗ ਕੀਤੀ ਜਾ ਰਹੀ ਸੀ, ਤੇ ਵਿਧਾਇਕ ਚੱਢਾ ਵਲੋਂ ਕਰੀਬ 5 ਲੱਖ ਰੁਪਏ ਦੀ ਲਾਗਤ ਨਾਲ ਇਸ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਸੀ, ਜੋ ਹੁਣ ਮੁਕੰਮਲ ਹੋ ਗਿਆ ਸੀ | ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਚੱਢਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਹਲਕੇ ਦੇ ਹਰ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕਮਿਊਨਿਟੀ ਸੈਂਟਰਾਂ ਦਾ ਨਿਰਮਾਣ, ਨਵੀਆਂ ਧਰਮਸ਼ਾਲਾਵਾਂ ਦੀ ਤਿਆਰੀ ਅਤੇ ਪੁਰਾਣੀਆਂ ਧਰਮਸ਼ਾਲਾਵਾਂ ਦੀ ਮੁਰੰਮਤ ਹਰ ਕੰਮ ਨੂੰ ਤਰਜੀਹੀ ਆਧਾਰ 'ਤੇ ਅੰਜਾਮ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਵਿਕਾਸ ਸਿਰਫ਼ ਇਮਾਰਤਾਂ ਤੱਕ ਸਿਮਤ ਨਹੀਂ, ਸਗੋਂ ਸੜਕਾਂ, ਬੁਨਿਆਦੀ ਸਹੂਲਤਾਂ, ਸਾਫ਼-ਸਫ਼ਾਈ ਅਤੇ ਲੋਕ ਭਲਾਈ ਦੇ ਹੋਰ ਕੰਮਾਂ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਇਸ ਮੌਕੇ ਧਰਮਸ਼ਾਲਾ ਅਤੇ ਮੰਦਰ ਲਈ ਜ਼ਮੀਨ ਦਾਨ ਕਰਨ ਵਾਲੇ ਸਵਰਗਵਾਸੀ ਜਗਨ ਨਾਥ ਦੇ ਪਰਿਵਾਰ ਦਾ ਵਿਧਾਇਕ ਚੱਢਾ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਰਾਮ ਸਰੂਪ ਸੈਣੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇਸ ਰਾਜ ਸੈਣੀ, ਜਰਨੈਲ ਲਾਲੀ, ਸੰਮਤੀ ਮੈਂਬਰ ਹੇਮੰਤ ਸੈਣੀ, ਮਾਸਟਰ ਗੋਪਾਲ ਚੰਦ, ਲਖਵਿੰਦਰ ਸਿੰਘ ਸੈਣੀਮਾਜਰਾ, ਨੀਲਮ ਸ਼ਰਮਾ, ਲੇਖ ਰਾਜ ਭਗਤ, ਭਗਤ ਸਿੰਘ ਬੋਲਾ, ਮੀਤ ਰਾਮ, ਕਿਸ਼ਨ ਲਾਲ, ਮਾਸਟਰ ਰਾਮ ਜੀ ਦਾਸ, ਮਦਨ ਲਾਲ, ਚਮਨ ਲਾਲ, ਕਮਲਜੀਤ ਸੈਣੀ ਆਦਿ ਹਾਜ਼ਰ ਸਨ |