22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਪੁਲਿਸ ਵਲੋਂ ਟਾਰਗੇਟ ਕਿਲਿੰਗ ਤੇ ਲੁੱਟ ਦੀ ਸਾਜਿਸ਼ ਨਾਕਾਮ ਕਰਕੇ 5 ਦੋਸ਼ੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 06-01-2026
ਰੂਪਨਗਰ, 5 ਜਨਵਰੀ (ਗੁਰਪ੍ਰੀਤ ਸਿੰਘ ਹੁੰਦਲ)-ਰੂਪਨਗਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਜ਼ਿਲ੍ਹਾ ਪੁਲਿਸ ਨੇ ਟਾਰਗੇਟ ਕਿਲਿੰਗ ਅਤੇ ਲੁੱਟ ਦੀ ਇਕ ਵੱਡੀ ਸਾਜ਼ਿਸ਼ ਨੂੰ ਸਮੇਂ ਸਿਰ ਨਾਕਾਮ ਕਰਦਿਆਂ 05 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਥਾਣਾ ਸ੍ਰੀ ਚਮਕੌਰ ਸਾਹਿਬ ਅਧੀਨ ਪੈਂਦੇ ਪਿੰਡ ਰੋਲੂਮਾਜਰਾ ਵਿਚ ਪੁਲਿਸ ਅਤੇ ਦੋਸ਼ੀਆਂ ਦਰਮਿਆਨ ਮੁੱਠਭੇੜ ਹੋਈ | ਇਸ ਦੌਰਾਨ ਇੱਕ ਦੋਸ਼ੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਦਕਿ ਪੁਲਿਸ ਨੇ ਮੌਕੇ ਤੋਂ ਗੈਰਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ | ਐੱਸ.ਅੱੈਸ.ਪੀ. ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਰਣਜੀਤ ਸਿੰਘ ਵਾਸੀ ਪਿੰਡ ਰੋਲੂ ਮਾਜਰਾ ਥਾਣਾ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਹਾਲ ਵਾਸੀ ਇਟਲੀ ਦੇ ਘਰ ਡਕੈਤੀ ਤੇ ਕਤਲ ਕਰਨ ਦੇ ਇਰਾਦੇ ਨਾਲ ਇਕੱਠੇ ਹੋਏ ਹਨ ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ | ਸੂਚਨਾ ਦੇ ਆਧਾਰ 'ਤੇ ਐੱਸ.ਪੀ. (ਡੀ) ਗੁਰਦੀਪ ਸਿੰਘ ਗੋਸਲ ਦੀ ਅਗਵਾਈ ਹੇਠ ਡੀ.ਐੱਸ.ਪੀ. ਐੱਨ.ਡੀ.ਪੀ.ਐੱਸ. ਗੱਬਰ ਸਿੰਘ, ਡੀ.ਐੱਸ.ਪੀ. ਇਨਵੈਸਟੀਗੇਸ਼ਨ ਜਤਿੰਦਰ ਚੌਹਾਨ, ਸੀ.ਆਈ.ਏ. ਇੰਚਾਰਜ ਰੂਪਨਗਰ ਇੰਸ. ਰਾਹੁਲ ਸ਼ਰਮਾ ਅਤੇ ਇੰਚਾਰਜ ਸਪੈਸ਼ਲ ਬ੍ਰਾਂਚ ਰੂਪਨਗਰ ਇੰਸ. ਗੁਰਵਿੰਦਰ ਸਿੰਘ ਦੀਆਂ ਸਾਂਝੀਆਂ ਟੀਮਾਂ ਤਿਆਰ ਕਰ ਕੇ ਮੌਕੇ 'ਤੇ ਭੇਜੀਆਂ ਗਈਆਂ | ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਟੀਮ ਨੇ ਦੋਸ਼ੀਆਂ ਨੂੰ ਘੇਰ ਕੇ ਆਤਮਸਰਪਣ ਕਰਨ ਲਈ ਕਿਹਾ ਤਾਂ ਦੋਸ਼ੀਆਂ ਵਲੋਂ ਪੁਲਿਸ 'ਤੇ ਗੋਲੀਆਂ ਚਲਾਈਆਂ ਗਈਆਂ | ਪੁਲਿਸ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਹੋਈ ਕ੍ਰਾਸ ਫਾਇਰਿੰਗ ਵਿਚ ਦੋਸ਼ੀ ਕਰਨਵੀਰ ਸਿੰਘ ਉਰਫ਼ ਕਨਵਾ ਦੇ ਪੈਰ ਵਿਚ ਗੋਲੀ ਲੱਗੀ | ਜ਼ਖ਼ਮੀ ਦੋਸ਼ੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸ਼ੁਰੂ ਵਿਚ ਦੋਸ਼ੀਆਂ ਖ਼ਿਲਾਫ਼ ਆਈ.ਪੀ.ਸੀ. ਦੀਆਂ ਧਾਰਾਵਾਂ 399-402 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਪਰ ਜਾਂਚ ਅੱਗੇ ਵਧਣ 'ਤੇ ਕਤਲ ਦੀ ਕੋਸ਼ਿਸ਼ ਦੀਆਂ ਧਾਰਾਵਾਂ ਵੀ ਸ਼ਾਮਲ ਕੀਤੀਆਂ ਗਈਆਂ | ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਸਾਜ਼ਿਸ਼ ਟਾਰਗੇਟ ਕਿਲਿੰਗ ਨਾਲ ਸੰਬੰਧਿਤ ਸੀ ਅਤੇ ਇਸ ਦੇ ਤਾਰ ਖਾਲਿਸਤਾਨ ਸਮਰਥਕ ਗਤਿਵਿਧੀਆਂ ਨਾਲ ਜੁੜੇ ਨੈੱਟਵਰਕ ਨਾਲ ਮਿਲਦੇ ਹਨ | ਇਸੇ ਆਧਾਰ 'ਤੇ ਮਾਮਲੇ ਵਿਚ ਯੂ.ਏ.ਪੀ.ਏ. (ਗੈਰਕਾਨੂੰਨੀ ਗਤਿਵਿਧੀਆਂ ਰੋਕਥਾਮ ਐਕਟ) ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਟਲੀ ਨਿਵਾਸੀ ਰਣਜੀਤ ਸਿੰਘ, ਜੋ ਹਾਲ ਹੀ ਵਿੱਚ ਆਪਣੇ ਪਿੰਡ ਆਇਆ ਹੋਇਆ ਸੀ, ਗੁਰਦੁਆਰਾ ਕਲਗੀਧਰ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਜੁੜਿਆ ਹੋਇਆ ਹੈ ਅਤੇ ਉਸ ਨੇ ਕੁਝ ਕੱਟੜਪੰਥੀ ਗਤਿਵਿਧੀਆਂ ਦਾ ਵਿਰੋਧ ਕੀਤਾ ਸੀ, ਜਿਸ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ | ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿਚ ਬੈਠੇ ਦੋਸ਼ੀਆਂ ਵਲੋਂ ਗਰੀਸ ਅਤੇ ਦੁਬਈ ਵਿਚ ਰਹਿੰਦੇ ਆਪਣੇ ਸੰਪਰਕਾਂ ਰਾਹੀਂ ਕਤਲ ਦਾ ਕਾਂਟ੍ਰੈਕਟ ਦਿੱਤਾ ਗਿਆ ਸੀ | ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਤਿੰਨ .32 ਬੋਰ ਦੀਆਂ ਪਿਸਟਲਾਂ, ਇੱਕ .315 ਬੋਰ ਦਾ ਦੇਸੀ ਹਥਿਆਰ, ਜਿੰਦਾ ਕਾਰਤੂਸ ਅਤੇ ਮੈਗਜ਼ੀਨਾਂ ਬਰਾਮਦ ਕੀਤੀਆਂ ਹਨ | ਸਾਰੇ ਹਥਿਆਰ ਗੈਰਕਾਨੂੰਨੀ ਦੱਸੇ ਜਾ ਰਹੇ ਹਨ | ਪੁਲਿਸ ਰਿਕਾਰਡ ਅਨੁਸਾਰ, ਕਰਨਵੀਰ ਸਿੰਘ ਉਰਫ਼ ਕਨਵਾ ਪਹਿਲਾਂ ਵੀ ਦੋ ਕਤਲ ਕੇਸਾਂ ਅਤੇ ਫਾਇਰਿੰਗ ਦੀਆਂ ਘਟਨਾਵਾਂ ਵਿਚ ਵਾਂਛਿਤ ਰਹਿ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਕਰਨਵੀਰ ਸਿੰਘ ਤੋਂ ਇਲਾਵਾ ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਵਿਚ ਅਕਾਸ਼ ਰਾਣਾ, ਵੰਸ਼ ਸ਼ੋਰੀ, ਗੁਰਕਮਲ ਸਿੰਘ ਉਰਫ ਕਮਲ ਅਤੇ ਕਰਨਦੀਪ ਸਿੰਘ ਉਰਫ ਕਨੂੰ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿਚ ਬੈਠੇ ਦੋਸ਼ੀਆਂ ਦੀ ਪਛਾਣ, ਹਥਿਆਰਾਂ ਦੀ ਸਪਲਾਈ ਚੇਨ ਅਤੇ ਪੂਰੇ ਨੈੱਟਵਰਕ ਦੀ ਗਹਿਰੀ ਜਾਂਚ ਕਰ ਰਹੀ ਹੈ | ਰਣਜੀਤ ਸਿੰਘ ਇਸ ਸਮੇਂ ਮੁੜ ਇਟਲੀ ਵਾਪਸ ਚਲਾ ਗਿਆ ਹੈ | ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਾਂਚ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਮਾਈਨਿੰਗ ਸੈਕਟਰ 'ਚ ਇਤਿਹਾਸਕ ਸੁਧਾਰ ਕੀਤੇ- ਬਰਿੰਦਰ ਕੁਮਾਰ ਗੋਇਲ <br/> ਅਗਲੀ ਖ਼ਬਰ ਸੈਣੀ ਭਵਨ ਵਿਖੇ ਖ਼ੂਨਦਾਨ ਕੈਂਪ ਲਗਾਇਆ
Ad Position 24