ਨੂਰਪੁਰ ਬੇਦੀ, 1 ਫਰਵਰੀ (ਵਿੰਦਰਪਾਲ ਝਾਂਡੀਆਂ)-ਜੰਗਲਾਤ ਵਰਕਰ ਯੂਨੀਅਨ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕੀਆਂ ਹੱਕੀ ਮੰਗਾਂ ਨੂੰ ਲੈ ਕੇ 6 ਫਰਵਰੀ ਨੂੰ ਵਣ ਮੰਡਲ ਦਫ਼ਤਰ ਰੂਪਨਗਰ ਮੂਹਰੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ | ਇਹ ਫ਼ੈਸਲਾ ਯੂਨੀਅਨ ਦੀ ਮੀਟਿੰਗ ਦੌਰਾਨ ਲਿਆ ਗਿਆ ਜੋ ਬਟਾਰਲੇ ਨਰਸਰੀ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਰਵੀਕਾਂਤ ਨੇ ਕੀਤੀ, ਜਿਸ ਵਿਚ ਯੂਨੀਅਨ ਦੇ ਕਈ ਅਹੁਦੇਦਾਰ ਅਤੇ ਕਮੇਟੀ ਮੈਂਬਰ ਹਾਜ਼ਰ ਰਹੇ | ਮੀਟਿੰਗ 'ਚ ਸਹਿਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਵਣ ਮੰਡਲ ਅਧਿਕਾਰੀਆਂ ਵਲੋਂ ਮਸਲੇ ਹੱਲ ਨਾ ਕਰਨ ਦੇ ਰਵੱਈਏ ਕਾਰਨ ਹੁਣ ਸੰਘਰਸ਼ ਦਾ ਰਸਤਾ ਅਪਣਾਇਆ ਜਾਵੇਗਾ ਅਤੇ ਧਰਨੇ ਦੀ ਪੂਰੀ ਜ਼ਿੰਮੇਵਾਰੀ ਵਣ ਮੰਡਲ ਅਫ਼ਸਰ ਰੂਪਨਗਰ ਦੀ ਹੋਵੇਗੀ | ਯੂਨੀਅਨ ਨੇ ਸਪਸ਼ਟ ਕੀਤਾ ਕਿ ਸਮੂਹ ਵਰਕਰਾਂ ਦੀ ਤਨਖ਼ਾਹ ਹਰ ਮਹੀਨੇ ਦੀ 7 ਤਰੀਕ ਤੱਕ ਜਾਰੀ ਕੀਤੀ ਜਾਵੇ, ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ |