ਰੂਪਨਗਰ, 1 ਫਰਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਇਕ ਮੈਰਿਜ ਪੈਲਸ ਵਿਚ ਵਿਆਹ ਵਿਚ ਆਸਰੋ ਖੇਤਰ ਦੇ ਇਕ ਠੇਕੇ ਤੋਂ ਲਿਆ ਕੇ ਪਰੋਸੀ ਜਾਣ ਵਾਲੀ ਦੋ ਕੁ ਹਜ਼ਾਰ ਰੁਪਏ ਸਸਤੀ ਸ਼ਰਾਬ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਐਕਸਾਈਜ਼ ਵਿਭਾਗ ਨੇ ਸੜਕ ਤੇ ਖੜੀ ਗੱਡੀ ਨੂੰ ਕਾਬੂ ਕਰ ਲਿਆ ਤੇ ਸਬੰਧਿਤ ਵਿਅਕਤੀ ਤੂੰ ਸ਼ਰਾਬ ਬਰਾਮਦ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ | ਲਾਲਚ ਦੇ ਚੱਕਰ ਵਿਚ ਹੱਥੋਂ ਸ਼ਰਾਬ ਵੀ ਚਲੇ ਗਈ ਅਤੇ ਉਲਟਾ ਪਰਚਾ ਵੀ ਦਰਜ ਕਰਵਾ ਲਿਆ | ਆਬਕਾਰੀ ਵਿਭਾਗ ਦੇ ਅਧਿਕਾਰੀ ਇੰਸਪੈਕਟਰ ਜੋਰਾਵਰ ਸਿੰਘ ਨੇ ਦੱਸਿਆ ਕਿ ਬੇਲਾ ਰੋਡ ਤੇ ਆਰ. ਟੀ. ਓ. ਦਫ਼ਤਰ ਮਾਰਗ ਤੇ ਖੜੀ ਬ੍ਰੀਜ਼ਾ ਕਾਰ ਨੰ: ਪੀ ਬੀ -65 ਬੀ ਜੀ -4982 ਵਿਚੋਂ ਤਿੰਨ ਪੇਟੀਆਂ 100 ਪਾਈਪਰ ਮਾਰਕਾ ਸ਼ਰਾਬ ਬਰਾਮਦ ਕਰਕੇ ਸਬੰਧਿਤ ਵਿਅਕਤੀ ਖ਼ਿਲਾਫ਼ ਐਕਸਾਈਜ਼ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ | ਇਹ ਵਿਅਕਤੀ ਚੰਦਪੁਰ ਡਕਾਲਾ ਇਲਾਕੇ ਵੱਲ ਦਾ ਦੱਸਿਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਮੈਰਿਜ ਪੈਲਸ ਵਲੋਂ ਤਾਂ ਐਕਸਾਈਜ਼ ਨਿਯਮਾਂ ਅਨੁਸਾਰ ਪੂਰਾ ਪ੍ਰਬੰਧ ਕੀਤਾ ਹੋਇਆ ਸੀ, ਪਰ ਸਬੰਧਿਤ ਵਿਅਕਤੀ ਨੇ ਸਸਤੀ ਸ਼ਰਾਬ ਦੇ ਲਾਲਚ ਵਿਚ ਇਹ ਸ਼ਰਾਬ ਆਸਰੋ ਖੇਤਰ ਤੋਂ ਖ਼ਰੀਦ ਲਿਆਂਦੀ, ਪਰ ਮੌਕੇ 'ਤੇ ਉਹ ਨਾ ਤਾਂ ਸ਼ਰਾਬ ਲਿਆਉਣ ਦਾ ਕੋਈ ਲਾਇਸੰਸ ਪੇਸ਼ ਕਰ ਸਕਿਆ ਅਤੇ ਨਾ ਹੀ ਉਸ ਕੋਲ ਕੋਈ ਵੈਧ ਪਰਮਿਟ ਸੀ | ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਕੋਈ ਵੀ ਵਿਅਕਤੀ ਇੱਕ ਜਾਂ ਦੋ ਬੋਤਲਾਂ ਤੋਂ ਵੱਧ ਸ਼ਰਾਬ ਇੱਧਰ-ਉੱਧਰ ਨਹੀਂ ਲੈ ਜਾ ਸਕਦਾ | ਅਕਸਰ ਵਿਆਹ-ਸ਼ਾਦੀਆਂ ਦੌਰਾਨ ਲੋਕ ਸਸਤੀ ਸ਼ਰਾਬ ਦੇ ਲਾਲਚ ਵਿਚ ਦੂਜੇ ਖੇਤਰਾਂ ਤੋਂ ਸ਼ਰਾਬ ਲਿਆਉਂਦੇ ਹਨ, ਜੋ ਕਈ ਵਾਰ ਮਹਿੰਗੀ ਸਾਬਤ ਹੋ ਜਾਂਦੀ ਹੈ | ਜਾਣਕਾਰੀ ਅਨੁਸਾਰ ਸਬੰਧਿਤ ਵਿਅਕਤੀ ਕੋਲ ਮੌਜੂਦ ਤਿੰਨ ਪੇਟੀਆਂ ਦੀ ਕੀਮਤ ਰੂਪਨਗਰ ਨੇੜਲੇ ਠੇਕਿਆਂ 'ਤੇ ਪ੍ਰਤੀ ਪੇਟੀ ਦੀ ਕੀਮਤ ਲਗਪਗ 13 ਹਜ਼ਾਰ ਰੁਪਏ ਪ੍ਰਤੀ ਪੇਟੀ ਹੈ, ਜਦਕਿ ਉਸ ਨੇ ਆਸਰੋ ਖੇਤਰ ਤੋਂ ਦੋ ਤੋਂ ਢਾਈ ਹਜ਼ਾਰ ਰੁਪਏ ਸਸਤੀ ਭਾਵ 10 ਹਜ਼ਾਰ ਰੁਪਏ ਪੇਟੀ ਦੇ ਲਾਲਚ ਵਿਚ ਇਹ ਸ਼ਰਾਬ ਖ਼ਰੀਦ ਲਿਆਂਦੀ | ਪੁਲਿਸ ਨੇ ਐਕਸਾਈਜ਼ ਵਿਭਾਗ ਦੀ ਟੀਮ ਦੇ ਬਿਆਨਾਂ ਅਤੇ ਕੀਤੀ ਗਈ ਵੀਡੀਓਗ੍ਰਾਫੀ ਦੇ ਆਧਾਰ 'ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਐਕਸਾਈਜ਼ ਐਕਟ ਅਨੁਸਾਰ ਸਬੰਧਿਤ ਵਿਅਕਤੀ ਦੀ ਮੌਕੇ 'ਤੇ ਜ਼ਮਾਨਤ ਤਾਂ ਹੋ ਗਈ ਹੈ ਪਰ ਲੰਬੇ ਸਮੇਂ ਲਈ ਉਲਝਣ ਵੀ ਪੈ ਗਈ ਹੈ ਤੇ ਸਜ਼ਾ ਵੀ ਹੋ ਸਕਦੀ ਹੈ | ਇੰਸਪੈਕਟਰ ਜੋਰਾਵਰ ਸਿੰਘ ਅਤੇ ਹੋਰਾਂ ਨੇ ਚੇਤਾਵਨੀ ਦਿੱਤੀ ਕਿ ਨਜਾਇਜ਼ ਤੌਰ 'ਤੇ ਸ਼ਰਾਬ ਦੀ ਖ਼ਰੀਦੋ-ਫ਼ਰੋਖ਼ਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਬਿਨਾਂ ਪਰਮਿਟ ਸ਼ਰਾਬ ਵੇਚਣ ਵਾਲੇ ਠੇਕੇਦਾਰਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |