ਸੁਖਸਾਲ, 1 ਫਰਵਰੀ (ਧਰਮ ਪਾਲ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਨੇੜਲੇ ਪਿੰਡ ਮਹਿਲਵਾਂ ਵਿਖੇ ਗੁਰੂ ਰਵਿਦਾਸ ਮੰਦਰ ਕਮੇਟੀ ਅਤੇ ਪਿੰਡ ਪੰਚਾਇਤ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਨਵੇਂ ਮੰਦਰ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਗਿਆ | ਇਸ ਸ਼ੁੱਭ ਮੌਕੇ ਧਾਰਮਿਕ ਰਸਮਾਂ ਉਪਰੰਤ ਮੰਦਰ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ | ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਉਪਦੇਸ਼ਾਂ ਨੂੰ ਯਾਦ ਕੀਤਾ | ਇਸ ਮੌਕੇ ਸੰਗਤਾਂ ਵਲੋਂ ਸ਼ਬਦ ਕੀਰਤਨ ਅਤੇ ਜੈਕਾਰਿਆਂ ਨਾਲ ਮਾਹੌਲ ਭਗਤੀ ਮਈ ਬਣ ਗਿਆ | ਇਸ ਮੌਕੇ ਮੰਦਰ ਕਮੇਟੀ ਅਤੇ ਪੰਚਾਇਤ ਦੇ ਮੈਂਬਰਾਂ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਸਮਾਨਤਾ, ਭਰਾਤਰੀ ਭਾਵ ਅਤੇ ਸਮਾਜਿਕ ਏਕਤਾ ਦੇ ਸੰਦੇਸ਼ ਨੂੰ ਅੱਗੇ ਵਧਾਉਣ ਲਈ ਇਹ ਮੰਦਰ ਇੱਕ ਮਹੱਤਵਪੂਰਨ ਕੇਂਦਰ ਸਾਬਤ ਹੋਵੇਗਾ | ਇਸ ਮੌਕੇ ਮੰਦਰ ਕਮੇਟੀ ਮੈਂਬਰਾਂ ਤੋਂ ਇਲਾਵਾ ਸਰਪੰਚ ਮਧੂ ਬਾਲਾ, ਚੌਧਰੀ ਮੋਹਨ ਲਾਲ, ਨੰ. ਸੁਜੇ ਕੁਮਾਰ ਬਾਰਡਾ, ਸੰਦੀਪ ਕੁਮਾਰ, ਹਰੀਸ਼ ਚੰਦਰ ਬਾਰਡਾ ਆਦਿ ਅਤੇ ਵੱਡੀ ਗਿਣਤੀ ਵਿਚ ਪਿੰਡ ਦੇ ਮੋਹਤਵਰ ਪਤਵੰਤੇ ਹਾਜ਼ਰ ਸਨ |